ਗੁਰਦਾਸਪੁਰ, 6 ਦਿਸੰਬਰ 2025 (ਦੀ ਪੰਜਾਬ ਵਾਇਰ)। ਲਗਭਗ ਇੱਕ ਸਦੀ ਤੋਂ ਲਟਕਦਾ ਪਿਆ ਕਾਦੀਆਂ–ਬਿਆਸ 40 ਕਿ.ਮੀ. ਰੇਲ ਟਰੈਕ ਪ੍ਰੋਜੈਕਟ ਹੁਣ ਮੁੜ ਪੱਟੜੀ ‘ਤੇ ਆਉਣ ਦੀ ਉਮੀਦ ਹੈ। ਇੱਕ ਖ਼ਬਰ ਅਨੂਸਾਰ ਕੇਂਦਰੀ ਰੇਲ ਮੰਤ੍ਰਾਲੇ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ “ਫਰੀਜ਼” ਸ਼੍ਰੇਣੀ ਤੋਂ ਬਾਹਰ ਕੱਢਦੇ ਹੋਏ ਤੁਰੰਤ ਕੰਮ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਫੈਸਲਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਅਧਿਕਾਰੀਆਂ ਨੂੰ “ਅਨਫਰੀਜ਼” ਕਰਨ ਲਈ ਕਹਿਣ ਤੋਂ ਬਾਅਦ ਲਿਆ ਗਿਆ।
ਦੱਸਣਯੋਗ ਹੈ ਕਿ ਰੇਲਵੇ ਭਾਸ਼ਾ ਵਿੱਚ “ਫਰੀਜ਼” ਦਾ ਮਤਲਬ ਹੈ ਕਿ ਪ੍ਰੋਜੈਕਟ ਨੂੰ ਤਕਨੀਕੀ ਪੇਚੀਦਗੀਆਂ, ਅਲਾਈਨਮੈਂਟ ਮੁੱਦਿਆਂ, ਜ਼ਮੀਨ ਅਧਿਗ੍ਰਹਿਣ ਤੇ ਰਾਜਨੀਤਿਕ ਖਿੱਚਤਾਣ ਕਾਰਨ ਫਾਈਲਾਂ ‘ਚ ਧੱਕ ਦਿੱਤਾ ਜਾਵੇ। ‘ਅਨਫਰੀਜ਼’ ਦਾ ਇਸ਼ਾਰਾ ਹੁੰਦਾ ਹੈ ਕਿ ਸਾਰੇ ਵਿਰੋਧੀ ਮਸਲੇ ਹੱਲ ਕਰਕੇ ਕੰਮ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ।
ਖ਼ਬਰ ਅਨੁਸਾਰ ਬਿੱਟੂ ਨੇ ਕਿਹਾ, “ਮੈਨੂੰ ਇਸ ਪ੍ਰੋਜੈਕਟ ਦੀ ਸੰਵੇਦਨਸ਼ੀਲਤਾ ਤੇ ਲੋਕੀ ਲੋੜ ਦੀ ਪੂਰੀ ਸਮਝ ਸੀ। ਇਸ ਲਈ ਮੈਂ ਅਧਿਕਾਰੀਆਂ ਨੂੰ ਸਾਰੇ ਰੁਕਾਵਟਾਂ ਦੂਰ ਕਰਨ ਤੇ ਤੁਰੰਤ ਕੰਮ ਮੁੜ ਚਾਲੂ ਕਰਨ ਲਈ ਕਿਹਾ।”
ਉਸੇ ਸਬੰਧ ਵਿੱਚ ਨਾਰਦਰਨ ਰੇਲਵੇ ਦੇ ਚੀਫ਼ ਐਡਮਿਨਿਸਟ੍ਰੇਟਿਵ ਅਫਸਰ (ਕੰਸਟਰਕਸ਼ਨ) ਵੱਲੋਂ ਜਾਰੀ ਪੱਤਰ ‘ਚ ਲਿਖਿਆ ਹੈ ਕਿ,
“ਕਾਦੀਆਂ–ਬਿਆਸ ਲਾਈਨ ਨੂੰ ਹੁਣ ਅਨਫਰੀਜ਼ ਕਰ ਦਿੱਤਾ ਜਾਏ ਅਤੇ ਪ੍ਰੋਜੈਕਟ ਦਾ ਵਿਸਥਾਰਤ ਅੰਦਾਜ਼ਾ ਦੁਬਾਰਾ ਤਿਆਰ ਕਰਕੇ ਜਲਦ ਮਨਜ਼ੂਰ ਲਈ ਭੇਜਿਆ ਜਾਵੇ, ਤਾਂ ਜੋ ਤਾਮੀਰੀ ਕੰਮ ਸ਼ੁਰੂ ਕੀਤਾ ਜਾ ਸਕੇ।”
1929 ਵਿੱਚ ਸ਼ੁਰੂ ਹੋਇਆ ਸੀ ਪ੍ਰੋਜੈਕਟ, 1932 ਵਿੱਚ ਰੁਕ ਗਿਆ ਸੀ ਕੰਮ
ਇਸ ਰੇਲ ਲਾਈਨ ਦੀ ਸ਼ੁਰੂਆਤ 1929 ਵਿਚ ਬ੍ਰਿਟਿਸ਼ ਸਰਕਾਰ ਨੇ ਨਾਰਥ-ਵੈਸਟਰਨ ਰੇਲਵੇ ਰਾਹੀਂ ਕੀਤੀ ਸੀ। 1932 ਤੱਕ ਲਗਭਗ 33 ਪ੍ਰਤੀਸ਼ਤ ਕੰਮ ਵੀ ਮੁਕੰਮਲ ਕਰ ਦਿੱਤਾ ਗਿਆ ਸੀ, ਪਰ ਕਿਸੇ ਕਾਰਨ ਪ੍ਰੋਜੈਕਟ ਥੱਪ ਪੈ ਗਿਆ।
ਬਾਅਦ ਵਿਚ, ਵਿਧਾਨ ਸਭਾ ‘ਚ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪਹਿਲੇ ਸੰਸਦੀ ਟਰਮ ਦੌਰਾਨ ਕੇਂਦਰ ਵਿੱਚ ਉਸ ਵੇਲੇ ਦੀ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਇਹ ਪ੍ਰੋਜੈਕਟ ਤਰਜੀਹ ਦੇਣ ਲਈ ਮਨਾਇਆ। ਇਸ ਨੂੰ “ਸੋਸ਼ਲੀ ਡਿਜ਼ਾਇਰਬਲ ਪ੍ਰੋਜੈਕਟ” ਮੰਨ ਕੇ 2010 ਦੇ ਰੇਲ ਬਜਟ ਵਿੱਚ ਵੀ ਸ਼ਾਮਲ ਕੀਤਾ ਗਿਆ, ਪਰ ਬਾਅਦ ਵਿੱਚ ਯੋਜਨਾ ਆਯੋਗ ਵੱਲੋਂ ਵਿੱਤੀ ਇਤਰਾਜ਼ਾਂ ਕਾਰਨ ਫਿਰ ਕੰਮ ਰੁਕ ਗਿਆ।
ਦੱਸਣਯੋਗ ਹੈ ਕਿ ਇਲਾਕੇ ਦੇ ਲੋਕਾਂ, ਖ਼ਾਸਕਰ ਗੁਰਦਾਸਪੁਰ, ਬਟਾਲਾ, ਕਾਦੀਆਂ ਅਤੇ ਬਿਆਸ ਬੈਲਟ ਲਈ ਇਹ ਰੇਲ ਲਾਈਨ ਇੱਕ ਵੱਡੀ ਲੋੜ ਸਮਝੀ ਜਾਂਦੀ ਹੈ। ਇਸ ਦੇ ਤਿਆਰ ਹੋਣ ਨਾਲ ਆਵਾਜਾਈ, ਰੋਜ਼ਗਾਰ, ਵਪਾਰ ਤੇ ਧਾਰਮਿਕ ਯਾਤਰਾ—ਸਭ ਨੂੰ ਵੱਡਾ ਫ਼ਾਇਦਾ ਹੋਵੇਗਾ।
