ਸੰਮਤੀ ਅਤੇ ਜ਼ਿਲ਼ਾ ਪਰਿਸ਼ਦ ਚੋਣਾਂ ਦੇ ਸਬੰਧ ਵਿੱਚ ਬੱਬੇਹਾਲੀ ਨੇ ਅਕਾਲੀ ਵਰਕਰਾਂ ਨੂੰ ਕੀਤਾ ਲਾਮਬੱਧ

ਉਮੀਦਵਾਰਾਂ ਦੀ ਚੋਣ ਅਤੇ ਨਾਮਜਦਗੀ ਪੇਪਰ ਭਰਨ ਸਬੰਧੀ ਤਿਆਰ ਕੀਤੀ ਰੂਪ ਰੇਖਾ

ਗੁਰਦਾਸਪੁਰ, 30 ਨਵੰਬਰ 2025 (ਮੰਨਨ ਸੈਣੀ)– ਜਿਲ੍ਾ ਪਰਿਸ਼ਦ ਅਤੇ ਸੰਮਤੀ ਚੋਣਾਂ ਦੀ ਪ੍ਰਕਿਰਿਆ ਦਾ ਕੰਮ ਸ਼ੁਰੂ ਹੁੰਦਿਆਂ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਸਮੂਹ ਵਰਕਰਾਂ ਨੂੰ ਉਕਤ ਚੋਣਾਂ ਸਬੰਧੀ ਲਾਮਬੱਧ ਕੀਤਾ ਅਤੇ ਨਾਲ ਹੀ ਉਮੀਦਵਾਰਾਂ ਦੀ ਚੋਣ ਕਰਨ ਲਈ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਹਨਾਂ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਉਹਨਾਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਬੱਬੇਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਹਲਕੇ ਵਿੱਚ ਸੰਮਤੀ ਦੇ 21 ਜੋਨ ਅਤੇ ਜਿਲ੍ਾ ਪਰਿਸ਼ਦ ਦੇ 3 ਜੋਨ ਪੈਂਦੇ ਹਨ। ਉਹਨਾਂ ਕਿਹਾ ਕਿ ਸਾਰੇ ਜੋਨਾਂ ਉੱਪਰ ਅਕਾਲੀ ਉਮੀਦਵਾਰ ਚੋਣ ਲੜਨਗੇ। ਇਸ ਸਬੰਧ ਵਿੱਚ ਸਮੂਹ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਕਿਹਾ ਗਿਆ ਹੈ ਕਿ ਇਕ ਦਸੰਬਰ ਨੂੰ ਸਵੇਰੇ 10 ਵਜੇ ਤੱਕ ਉਹ ਸੰਬੰਧਿਤ ਦਸਤਾਵੇਜ ਮੁਕੰਮਲ ਕਰ ਲੈਣ ਤਾਂ ਜੋ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਪ੍ਰਵਾਨਗੀ ਲੈ ਕੇ ਚੋਣ ਨਿਸ਼ਾਨ ਅਲਾਟ ਕਰਵਾਉਣ ਲਈ ਅਗਲੇਰੀ ਕਾਰਵਾਈ ਸ਼ੁਰੂ ਹੋ ਸਕੇ। ਉਹਨਾਂ ਕਿਹਾ ਕਿ ਇਹ ਚੋਣਾਂ ਦੌਰਾਨ ਕਿਸੇ ਵੀ ਤਰਹਾਂ ਦੀ ਕੋਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਪੱਧਰ ਤੇ ਕੋਈ ਧੱਕੇਸ਼ਾਹੀ ਹੋਈ ਤਾਂ ਅਕਾਲੀ ਵਰਕਰ ਉਸਦਾ ਡੱਟ ਕੇ ਵਿਰੋਧ ਕਰਨਗੇ।

Exit mobile version