ਅਜੇ ਤੱਕ ਤਿੰਨ ਜ਼ਖ਼ਮੀ ਸਾਹਮਣੇ ਆਏ, ਕੇਐੱਲਏ ਦੀ ਪੋਸਟ ਨਾਲ ਵਧਿਆ ਰਹੱਸ
ਕਾਂਗਰਸ ਨੇ ਕਿਹਾ – ਇਸ ਹਮਲੇ ਸਬੰਧੀ ਛੇਤੀ ਐੱਫਆਈਆਰ ਦਰਜ ਕੀਤੀ ਜਾਵੇ
ਡੂੰਘਾਈ ਨਾਲ ਜਾਂਚ ਵਿੱਚ ਜੁਟੀ ਪੁਲਿਸ, ਹਰ ਐਂਗਲ ’ਤੇ ਜਾਂਚ ਜਾਰੀ – ਐੱਸਐੱਸਪੀ ਆਦਿਤਿਆ
ਗੁਰਦਾਸਪੁਰ, 26 ਨਵੰਬਰ 2025 (ਮੰਨਨ ਸੈਣੀ)। ਮੰਗਲਵਾਰ ਰਾਤ ਨੂੰ ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਿਲਕੁਲ ਬਾਹਰ ਵਾਪਰਿਆ ਇੱਕ ਜ਼ਬਰਦਸਤ ਧਮਾਕਾ ਪੂਰੇ ਸ਼ਹਿਰ ਨੂੰ ਸਦਮੇ ਵਿੱਚ ਪਾ ਗਿਆ ਹੈ। ਅਤੇ ਪੁਲਿਸ ਵੱਲੋਂ ਸ਼ੁਰੂ ਵਿੱਚ ਦੱਸੀ ਗਈ ‘ਟਾਇਰ ਫਟਣ’ ਵਾਲੀ ਥਿਊਰੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਇਸ ਧਮਾਕੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਹਾਲਾਤ ਖ਼ਰਾਬ ਹੋਣ ਦੀ ਗੱਲ ਆਖੀ ਅਤੇ ਪੁਲਿਸ ’ਤੇ ਸਵਾਲ ਚੁੱਕਦਿਆਂ ਛੇਤੀ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਐੱਸਪੀ (ਡੀ) ਵੱਲੋਂ ਉਕਤ ਪੋਸਟ ਨੂੰ ਪਹਿਲਾਂ ਹੀ ਫਰਜ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਉਧਰ ਇਸ ਸੰਬੰਧੀ ਐੱਸਐੱਸਪੀ ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਹਰ ਐਂਗਲ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਮੰਗਲਵਾਰ ਰਾਤ ਨੂੰ ਪੁਲਿਸ ਥਾਣੇ ਦੇ ਬਾਹਰ ਧਮਾਕਾ ਹੋਇਆ। ਇਹ ਧਮਾਕਾ ਕਿਸ ਚੀਜ਼ ਕਾਰਨ ਹੋਇਆ, ਇਸ ’ਤੇ ਅਜੇ ਤੱਕ ਰਹੱਸ ਬਰਕਰਾਰ ਹੈ। ਸ਼ੁਰੂ ਵਿੱਚ ਪੁਲਿਸ ਦੇ ਹੇਠਲੇ ਸਟਾਫ ਵੱਲੋਂ ਦੱਸਿਆ ਗਿਆ ਸੀ ਕਿ ਬਜਰੀ ਨਾਲ ਭਰੇ ਟਰੱਕ ਦਾ ਟਾਇਰ ਫਟਣ ਕਾਰਨ ਧਮਾਕਾ ਹੋਇਆ ਹੈ। ਪਰ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਇੱਕ ਵਾਇਰਲ ਪੋਸਟ ਨੇ ਤਣਾਅ ਹੋਰ ਵਧਾ ਦਿੱਤਾ। ਖ਼ਾਲਿਸਤਾਨ ਲਿਬਰੇਸ਼ਨ ਆਰਮੀ (ਕੇਐੱਲਏ) ਦੇ ਨਾਂ ਨਾਲ ਜਾਰੀ ਇਸ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਧਮਕੀ ਦਿੱਤੀ ਗਈ ਹੈ ਕਿ “ਹਿੰਦੂ ਖ਼ਾਲਿਸਤਾਨ ਵਿਰੋਧੀ ਬੋਲਦੇ ਰਹਿਣਗੇ ਤਾਂ ਗ੍ਰੇਨੇਡ ਹਮਲੇ ਹੁੰਦੇ ਰਹਿਣਗੇ।”
ਹਾਲਾਂਕਿ ਗੁਰਦਾਸਪੁਰ ਪੁਲਿਸ ਨੇ ਤੁਰੰਤ ਜਵਾਬ ਦਿੱਤਾ ਅਤੇ ਐੱਸਪੀ (ਡੀ) ਡੀ. ਕੇ. ਚੌਧਰੀ ਨੇ ਇਸ ਪੋਸਟ ਨੂੰ ਪੂਰੀ ਤਰ੍ਹਾਂ ਫਰਜ਼ੀ ਤੇ ਭਰਮ ਫੈਲਾਉਣ ਵਾਲੀ ਕਰਾਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਛੇਤੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਗ੍ਰੇਨੇਡ ਹਮਲੇ ਸਬੰਧੀ (ਪੁਲਿਸ ਅਨੁਸਾਰ ਫੇਕ) ਪੋਸਟ ਵਾਇਰਲ ਹੋਣ ਤੋਂ ਬਾਅਦ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ। ਜ਼ਖ਼ਮੀ ਸਪਨਾ ਸ਼ਰਮਾ (ਲਾਇਬ੍ਰੇਰੀ ਚੌਕ), ਅਨੂ ਬਾਲਾ ਆਦਿ ਸ਼ਾਮਲ ਹਨ। ਸਪਨਾ ਸ਼ਰਮਾ ਦੇ ਸਰੀਰ ’ਤੇ ਕਈ ਥਾਵਾਂ ’ਤੇ ਛੋਟੇ-ਛੋਟੇ ਤਿੱਖੇ ਜ਼ਖ਼ਮ ਹਨ, ਜੋ ਬਜਰੀ ਲੱਗਣ ਨਾਲ ਨਹੀਂ ਬਣਦੇ ਜਾਪਦੇ। ਨਾਲ ਹੀ ਜ਼ਖ਼ਮੀ ਅਨੂ ਬਾਲਾ (ਨੰਗਲ ਕੋਟਲੀ) ਨੂੰ ਸਿਰ ’ਤੇ ਸੱਟ ਲੱਗੀ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਤੀ ਰਾਜੇਸ਼ ਕੁਮਾਰ ਦੀ ਅੱਖ ਵਿੱਚ ਡੂੰਘੀ ਸੱਟ ਆਈ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਇਸ ਸਬੰਧੀ ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਦੇ ਵਿਧਾਇਕ ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਸਪਨਾ ਸ਼ਰਮਾ ਦੇ ਘਰ ਪਹੁੰਚੇ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਵਿੱਚ ਮਾਹੌਲ ਖ਼ਰਾਬ ਹੋਣ ਦੀ ਗੱਲ ਕਹੀ। ਉਨ੍ਹਾਂ ਪੁਲਿਸ ’ਤੇ ਵੀ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਛੇਤੀ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਧਰ ਸਮਾਜ ਸੇਵੀ ਅਨੂੰ ਗੰਡੋਤਰਾ ਨੇ ਵੀ ਪੁਲਿਸ ਨੂੰ ਇਸ ਸੰਬੰਧੀ ਜਲਦੀ ਸੱਚਾਈ ਪੇਸ਼ ਕਰਨ ਦੀ ਗੱਲ ਆਖੀ।
ਉਧਰ ਇਸ ਸਬੰਧ ਵਿੱਚ ਐੱਸਐੱਸਪੀ ਆਦਿਤਿਆ ਨੇ ਸਪੱਸ਼ਟ ਕੀਤਾ ਕਿ ਪੁਲਿਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਉਸੇ ਵੇਲੇ ਤੋਂ ਟੀਮਾਂ ਬਣਾ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ “ਛੇਤੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ” ਅਤੇ ਜਾਂਚ ਪੂਰੀ ਹੁੰਦਿਆਂ ਹੀ ਪੁਲਿਸ ਸਾਰੀ ਸੱਚਾਈ ਜਨਤਾ ਸਾਹਮਣੇ ਰੱਖੇਗੀ।