ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ: ਬੀ.ਐੱਸ.ਐਫ. ਦੇ ਸਹਿਯੋਗ ਨਾਲ 2 ਕਿਲੋ 544 ਗ੍ਰਾਮ ਹੈਰੋਇੰਨ ਸਮੇਤ ਦੋ ਤਸਕਰ ਗ੍ਰਿਫਤਾਰ

ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਖੰਗਾਲਣ ਲਈ ਦੋਸ਼ੀਆਂ ਤੋਂ ਹੋਵੇਗੀ ਡੂੰਘਾਈ ਨਾਲ ਪੁੱਛਗਿੱਛ: ਐਸ.ਐਸ.ਪੀ.

ਗੁਰਦਾਸਪੁਰ, 21 ਨਵੰਬਰ 2025 (ਮਨਨ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਨਸ਼ਿਆਂ ਖਿਲਾਫ ਵਿੱਢੀ ਗਈ ‘ਯੁੱਧ ਨਸ਼ੇ ਦੇ ਵਿਰੁੱਧ’ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐਫ.) ਦੇ ਸਹਿਯੋਗ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਲਾਨੌਰ ਖੇਤਰ ਵਿੱਚੋਂ ਦੋ ਵਿਅਕਤੀਆਂ ਨੂੰ 2 ਕਿਲੋ 544 ਗ੍ਰਾਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ (ਆਈ.ਪੀ.ਐਸ.) ਅਤੇ ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਦੇਵਿੰਦਰ ਕੁਮਾਰ ਚੌਧਰੀ (ਪੀ.ਪੀ.ਐਸ.) ਨੇ ਦੱਸਿਆ ਕਿ ਇਹ ਕਾਰਵਾਈ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਮਲ ਵਿੱਚ ਲਿਆਂਦੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 20 ਨਵੰਬਰ ਨੂੰ ਨਸ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਤਹਿਤ ਬੀ.ਐੱਸ.ਐਫ. ਦੇ ਸਹਿਯੋਗ ਨਾਲ ਟੀ-ਪੁਆਇੰਟ ਰੁਡਿਆਣਾ ਮੋੜ, ਕਲਾਨੌਰ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ। ਡੀ.ਐਸ.ਪੀ. (ਸਿਟੀ) ਗੁਰਦਾਸਪੁਰ ਸ੍ਰੀ ਮੋਹਨ ਸਿੰਘ ਦੀ ਅਗਵਾਈ ਹੇਠ ਜਦੋਂ ਸ਼ੱਕੀਆਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਇੱਕ ਵਜ਼ਨਦਾਰ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਵਿੱਚੋਂ ਕੁੱਲ 2 ਕਿਲੋ 544 ਗ੍ਰਾਮ ਹੈਰੋਇੰਨ ਮਿਲੀ। ਪੁਲਿਸ ਨੇ ਮੌਕੇ ਤੋਂ ਦੋਸ਼ੀਆਂ ਦਾ ਪੈਸ਼ਨ ਪ੍ਰੋ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:

  1. ਮੰਗਲ ਸਿੰਘ ਉਰਫ ਮੰਗੂ ਪੁੱਤਰ ਕੁਲਦੀਪ ਸਿੰਘ, ਵਾਸੀ ਗੋਪਾਲ ਨਗਰ, ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ)।
  2. ਗੁਰਭੇਜ ਸਿੰਘ ਭੇਜਾ ਪੁੱਤਰ ਹਰਦੇਵ ਸਿੰਘ, ਵਾਸੀ ਹਰੂਵਾਲ, ਥਾਣਾ ਡੇਰਾ ਬਾਬਾ ਨਾਨਕ (ਬਟਾਲਾ)।

ਐਸ ਪੀ. ਗੁਰਦਾਸਪੁਰ ਨੇ ਦੱਸਿਆ ਕਿ ਉਕਤ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਕਲਾਨੌਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਦੋਸ਼ੀਆਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਸ ਨਸ਼ਾ ਤਸਕਰੀ ਦੇ ਪਿਛਲੇ ਅਤੇ ਅਗਲੇ ਸਬੰਧਾਂ (ਬੈਕਵਰਡ ਅਤੇ ਫਾਰਵਰਡ ਲਿੰਕਸ) ਦਾ ਪਤਾ ਲਗਾ ਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਫਿਲਹਾਲ ਮਾਮਲੇ ਦੀ ਤਫਤੀਸ਼ ਜਾਰੀ ਹੈ।

Exit mobile version