ਬਰਿੰਦਰਮੀਤ ਸਿੰਘ ਪਾਹੜਾ ਨੂੰ ਮੁੜ ਮਿਲੀ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਕਮੇਟੀ ਦੀ ਕਮਾਨ, ਦੂਜੀ ਵਾਰ ਬਣੇ ਪ੍ਰਧਾਨ

ਗੁਰਦਾਸਪੁਰ, 12 ਨਵੰਬਰ 2025 (ਮਨਨ ਸੈਣੀ)। ਕਾਂਗਰਸ ਹਾਈਕਮਾਂਡ ਨੇ ਗੁਰਦਾਸਪੁਰ ਦੇ ਸਰਗਰਮ ਅਤੇ ਜ਼ਮੀਨੀ ਪੱਧਰ ਦੇ ਆਗੂ ਅਤੇ ਗੁਰਦਾਸਪੁਰ ਤੋਂ ਲਗਾਤਾਰ ਦੂਜੀ ਵਾਰ ਜਿੱਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ‘ਤੇ ਇੱਕ ਵਾਰ ਫਿਰ ਤੋਂ ਪੂਰਾ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ ਦੂਜੀ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਹੜਾ ਦੀ ਇਹ ਦੂਜੀ ਮਿਆਦ, ਉਨ੍ਹਾਂ ਦੀ ਸੰਗਠਨਾਤਮਕ ਕਾਬਲੀਅਤ ਅਤੇ ਨਿਰੰਤਰ ਸਰਗਰਮੀ ਦਾ ਸਪੱਸ਼ਟ ਪ੍ਰਮਾਣ ਹੈ।

ਦੱਸਣਯੋਗ ਹੈ ਕਿ ਬਰਿੰਦਰਮੀਤ ਸਿੰਘ ਪਾਹੜਾ ਗੁਰਦਾਸਪੁਰ ਸ਼ਹਿਰ ਤੋਂ ਹਨ। ਇਸ ਦੇ ਨਾਲ ਹੀ ਉਹ ਯੂਵਾ ਨੇਤਾਵਾਂ ਵਿੱਚੋਂ ਇੱਕ ਹਨ। ਜਿੱਥੇ ਪਾਹੜਾ ਦੀ ਸੀਨੀਅਰ ਆਗੂ ਨਹੀਂ ਟਾਲਦੇ ਉੱਥੇ ਹੀ ਉਹਨਾਂ ਦਾ ਯੂਵਾ ਵਰਗ ਵਿੱਚ ਖਾਸ ਪ੍ਰਭਾਵ ਹੈ ਅਤੇ ਪਾਰਟੀ ਦੇ ਜਨ-ਆਧਾਰ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਮਿਹਨਤ ਕਈ ਸਾਲਾਂ ਤੋਂ ਪਾਰਟੀ ਅੰਦਰ ਦਿਖਾਈ ਦੇ ਰਹੀ ਹੈ। ਜਿਸ ਦੇ ਸਿੱਟੇ ਵਜੋ ਉਨ੍ਹਾਂ ਤੇ ਪਾਰਟੀ ਵੱਲੋਂ ਮੁੜ ਭਰੋਸਾ ਜਤਾਇਆ ਗਿਆ ਹੈ।

ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਉਪਰੰਤ ਬਰਿੰਦਰਮੀਤ ਸਿੰਘ ਪਾਹੜਾ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ —

“ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਰਜੁਨ ਖੜਗੇ ਜੀ, ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀ ਕੇ.ਸੀ. ਵੇਣੁਗੋਪਾਲ ਜੀ, ਪੰਜਾਬ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਜੀ, ਸਹਿ ਇੰਚਾਰਜ ਰਵਿੰਦਰ ਡਾਲਵੀ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਸਾਬਕਾ ਡਿਪਟੀ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਜੀ, ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ ਅਤੇ ਗੁਰਦਾਸਪੁਰ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਦੂਜੀ ਵਾਰ ਭਰੋਸਾ ਜਤਾਇਆ।”

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਜਤਾਏ ਵਿਸ਼ਵਾਸ ’ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ।

“ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਂਗਰਸ ਦਾ ਝੰਡਾ ਹੋਰ ਬੁਲੰਦ ਕਰਾਂਗਾ ਅਤੇ ਹਰ ਵਰਕਰ ਦੀ ਪਿੱਠ ’ਤੇ ਚਟਾਨ ਵਾਂਗ ਖੜ੍ਹਾ ਰਹਾਂਗਾ,” — ਉਨ੍ਹਾਂ ਕਿਹਾ।

ਪਾਹੜਾ ਨੇ ਜ਼ਿਲ੍ਹੇ ਦੇ ਕਾਂਗਰਸ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਨੂੰ ਪਿਆਰ ਤੇ ਸਹਿਯੋਗ ਦਿੱਤਾ।

“ਮੇਰੀ ਤਾਕਤ ਮੇਰੇ ਵਰਕਰ ਹਨ। ਉਨ੍ਹਾਂ ਦੇ ਸਹਿਯੋਗ ਨਾਲ ਹੀ ਅਸੀਂ ਗੁਰਦਾਸਪੁਰ ਵਿੱਚ ਕਾਂਗਰਸ ਨੂੰ ਮਜ਼ਬੂਤੀ ਦੇ ਨਵੇਂ ਪੱਧਰ ’ਤੇ ਲੈ ਕੇ ਜਾਵਾਂਗੇ,” — ਪਾਹੜਾ ਨੇ ਜੋੜਿਆ।

Exit mobile version