ਜਿਨਸੀ ਸ਼ੋਸ਼ਣ ਮਾਮਲੇ ਵਿੱਚ ਡੀਈਓ ਨੇ ਮੰਗਿਆ ਸ਼ੁਕਰਵਾਰ ਤੱਕ ਦਾ ਸਮਾਂ
ਸੰਘਰਸ਼ ਦਾ ਘੇਰਾ ਵਿਸ਼ਾਲ ਕਰਨ ਦਾ ਐਲਾਨ, 16 ਨਵੰਬਰ ਨੂੰ ਹੋਵੇਗੀ ਜਨਤਕ ਜਥੇਬੰਦੀਆਂ ਦੀ ਮੀਟਿੰਗ
ਗੁਰਦਾਸਪੁਰ, 11 ਨਵੰਬਰ 2025 (ਮੰਨਨ ਸੈਣੀ)– ਅੱਜ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਵੱਲੋਂ ਬੀਪੀਓ ਪੋਹਲਾ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੈਲੀ ਕਰਨ ਉਪਰੰਤ ਡੀਈਓ ਐਲੀਮੈਂਟਰੀ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਡੀਈਓ ਐਲੀਮੈਂਟਰੀ ਅਤੇ ਡਿਪਟੀ ਡੀਈਓ ਸਮੇਤ ਅਮਲੇ ਫੈਲੇ ਨਾਲ ਧਰਨਾਕਾਰੀ ਅਧਿਆਪਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਡੀਈਓ ਐਲੀਮੈਂਟਰੀ ਵੱਲੋਂ ਇਸ ਮਾਮਲੇ ਵਿੱਚ ਪੋਹਲਾ ਸਿੰਘ ਖਿਲਾਫ ਕਾਰਵਾਈ ਕਰਨ ਲਈ ਸ਼ੁਕਰਵਾਰ ਤੱਕ ਦਾ ਸਮਾਂ ਮੰਗਿਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਕੌਰ ਰਾਵਲਪਿੰਡੀ ਨੇ ਨਿਭਾਈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਪੀੜਿਤ ਅਧਿਆਪਕ ਸੁਖਪ੍ਰੀਤ ਕੌਰ ਗਿੱਲ ਅਤੇ ਮੈਡਮ ਕਮਲਪ੍ਰੀਤ ਕੌਰ ਨੇ ਕਿਹਾ ਕਿ ਪੋਹਲਾ ਸਿੰਘ ਕਾਦੀਆ-2 ਦਾ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਹੈ ਅਤੇ ਆਪਣੇ ਇਸ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਔਰਤ ਅਧਿਆਪਕਾਂ ਨੂੰ ਅਕਸਰ ਤੰਗ ਪਰੇਸ਼ਾਨ ਕਰਦਾ ਹੈ ਅਤੇ ਨਾਜਾਇਜ਼ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ। ਪੋਹਲਾ ਸਿੰਘ ਵੱਲੋਂ ਸਾਲ 2023 ਵਿੱਚ ਮੈਡਮ ਕਮਲਪ੍ਰੀਤ ਕੌਰ ਨੂੰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਖਿਲਾਫ ਬਟਾਲਾ ਐਸਐਸਪੀ ਨੂੰ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ। ਜਿਸ ਤੋਂ ਬਾਅਦ ਦੋਸ਼ੀ ਵੱਲੋਂ ਐਸਐਸਪੀ ਦਫਤਰ ਵਿੱਚ ਮੁਹਤਬਰ ਵਿਅਕਤੀਆਂ ਮੂਹਰੇ ਮੁਆਫੀ ਮੰਗੀ ਗਈ ਅਤੇ ਭਵਿੱਖ ਵਿੱਚ ਅਜਿਹਾ ਕੁਝ ਵੀ ਨਾ ਕਰਨ ਦਾ ਵਿਸ਼ਵਾਸ ਦਵਾਇਆ। ਪ੍ਰੰਤੂ ਰਾਜੀਨਾਮੇ ਦੇ ਕੁਝ ਸਮੇਂ ਬਾਅਦ ਹੀ ਪੋਹਲਾ ਸਿੰਘ ਨਿੱਜੀ ਰੰਜਿਸ਼ ਨੂੰ ਕਾਇਮ ਰੱਖਦਿਆਂ ਮੈਡਮ ਕਮਲਪ੍ਰੀਤ ਕੌਰ ਦੇ ਵਿਭਾਗੀ ਕੰਮਾਂ ਵਿੱਚ ਅੜਚਣਾ ਪਾਉਣ ਲੱਗਾ। ਇਸੇ ਪ੍ਰਕਾਰ ਪੋਹਲਾ ਸਿੰਘ ਵੱਲੋਂ ਮੈਡਮ ਸੁਖਪ੍ਰੀਤ ਕੌਰ ਗਿੱਲ ਨਾਲ ਵੀ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਵਿਰੋਧ ਕਰਨ ਕਰਕੇ ਉਨਾਂ ਨੂੰ ਝੂਠੀਆਂ ਇਨਕੁਆਰੀਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਪਰਿਵਾਰ ਖਿਲਾਫ ਸੋਸ਼ਲ ਮੀਡੀਆ ਉੱਪਰ ਕੂੜ ਪ੍ਰਚਾਰ ਕੀਤਾ ਗਿਆ। ਬੀਤੇ ਦਿਨੀ ਮੈਡਮ ਸੁਖਪ੍ਰੀਤ ਕੌਰ ਗਿੱਲ ਦਾ ਪੁਤਲਾ ਵੀ ਸਾੜਿਆ ਗਿਆ।
ਆਗੂਆਂ ਨੇ ਡੀਈ ਓ ਦਫਤਰ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਲਗਭਗ ਦੋ ਹਫਤੇ ਬੀਤ ਜਾਣ ਉਪਰੰਤ ਵੀ ਪੁਹਲਾ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਪੋਹਲਾ ਸਿੰਘ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਲਗਾਤਾਰ ਪੀੜਿਤ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਹੈ ਅਤੇ ਸਮਾਜ ਵਿੱਚ ਉਹਨਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਵਿਸ਼ਾਲ ਕਰਦਿਆਂ ਜਿਲ੍ਹੇ ਦੀਆਂ ਜਨਤਕ ਅਤੇ ਜੁਝਾਰੂ ਜਥੇਬੰਦੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਮੀਟਿੰਗ 16 ਨਵੰਬਰ ਨੂੰ ਕੀਤੀ ਜਾਵੇਗੀ
ਇਸ ਮੌਕੇ ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ ਮਿਡ ਡੇ ਮੀਲ ਵਰਕਰ ਦੇ ਜਿਲ੍ਹਾ ਆਗੂ ਗੁਰਪ੍ਰੀਤ ਕੌਰ,ਡੀਟੀਐਫ ਦੇ ਜ਼ਿਲਾ ਪ੍ਰਧਾਨ ਲੈਕਚਰਾਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸਤਬੀਰ ਸਿੰਘ ਭੰਡਾਲ, ਵਰਗਸ ਸਲਾਮਤ, ਉਪਕਾਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਾ ਕਨਵੀਨਰ ਅਮਰਜੀਤ ਕੋਠੇ, ਦਵਿੰਦਰ ਸਿੰਘ ਸਰਪੰਚ ਧੀਰਾ ਸੁਲੱਖਣ ਸਿੰਘ ਮੈਂਬਰ ਪੰਚਾਇਤ ਧੀਰਾ ਬਲਜੀਤ ਸਿੰਘ ਚੌਹਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਬਿਕਰਮਜੀਤ ਸਿੰਘ ਦਲਜੀਤ ਸਿੰਘ ਚਰਨ ਕੌਰ ਸਾਬਕਾ ਸਰਪੰਚ,ਇਫ ਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰ ਪਾਲ ਪਨਿਆੜ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਨੇ ਵੀ ਸੰਬੋਧਨ ਕੀਤਾ।
