ਦੀਨਾਨਗਰ ਨੇੜੇ ਹੋਈ ਗ੍ਰਿਫ਼ਤਾਰੀ, NDPS ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ
ਦੀਨਾਨਗਰ, 09 ਨਵੰਬਰ 2025 (ਮਨਨ ਸੈਣੀ)। ਪੁਲਿਸ ਵੱਲੋਂ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ, ਥਾਣਾ ਦੀਨਾਨਗਰ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਅਤੇ ਇੱਕ .32 ਬੋਰ ਦਾ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਨੇੜੇ ਸੁਵਿਧਾ ਸੈਂਟਰ, ਕੁਸ਼ਟ ਆਸ਼ਰਮ ਗਲੀ, ਦੀਨਾਨਗਰ ਵਿਖੇ ਮਾੜੇ ਅਨਸਰਾਂ ਦੀ ਤਲਾਸ਼ੀ ਲਈ ਗਸ਼ਤ ਕਰ ਰਹੇ ਸਨ। ਇਸ ਦੌਰਾਨ, ਸ਼ੱਕ ਦੇ ਆਧਾਰ ‘ਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
- ਆਕਾਸ਼ਦੀਪ ਵਾਸੀ ਮੁਹੱਲਾ ਬਜ਼ਾਰ ਵਾਲੀ ਗਲੀ, ਭਾਗੋਵਾਲ, ਥਾਣਾ ਕਿਲਾ ਲਾਲ ਸਿੰਘ।
- ਗਗਨਦੀਪ ਸਿੰਘ ਉਰਫ਼ ਗੋਪੀ ਵਾਸੀ ਪੱਤੀ ਟੇਡੀਆਂ ਦੀ ਭਾਗੋਵਾਲ, ਕਿਲਾ ਲਾਲ ਸਿੰਘ, ਬਟਾਲਾ।
ਬਰਾਮਦਗੀ:
ਤਲਾਸ਼ੀ ਲੈਣ ‘ਤੇ, ਦੋਸ਼ੀ ਆਕਾਸ਼ਦੀਪ ਕੋਲੋਂ ਇੱਕ ਮੋਮੀ ਲਿਫ਼ਾਫ਼ੇ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦੋਂ ਕਿ ਦੂਜੇ ਦੋਸ਼ੀ ਗਗਨਦੀਪ ਸਿੰਘ ਉਰਫ਼ ਗੋਪੀ ਦੇ ਪਹਿਨੇ ਹੋਏ ਪਜਾਮੇ ਦੀ ਖੱਬੀ ਜੇਬ੍ਹ ਵਿੱਚੋਂ ਇੱਕ ਪਿਸਤੌਲ .32 ਬੋਰ ਸਮੇਤ ਇੱਕ ਮੈਗਜ਼ੀਨ ਅਤੇ 02 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ।
ਦਰਜ ਮਾਮਲਾ:
ਬਰਾਮਦਗੀ ਦੇ ਆਧਾਰ ‘ਤੇ, ਦੋਵਾਂ ਵਿਅਕਤੀਆਂ ਖ਼ਿਲਾਫ਼ ਥਾਣੇ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21(ਬੀ)-61-85 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਦੋਸ਼ੀ ਗ੍ਰਿਫ਼ਤਾਰ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
