ਆਜ਼ਾਦ ਤੇ ਨਿਰਪੱਖ ਚੋਣਾਂ ਵਾਸਤੇ ਐਸ ਐਸ ਪੀ ਤੇ ਦੋ ਪੁਲਿਸ ਅਫਸਰਾਂ ਦੇ ਹਲਕੇ ਤੋਂ ਤਬਾਦਲੇ ਲਈ ਸੌਂਪਿਆ ਮੰਗ ਪੱਤਰ
ਤਰਨ ਤਾਰਨ/ਚੰਡੀਗੜ੍ਹ, 7 ਨਵੰਬਰ 2025 (ਦੀ ਪੰਜਾਬ ਵਾਇਰ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਆਬਜ਼ਰਵਰਾਂ ਨੂੰ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਦੇ ਇਸ਼ਾਰੇ ’ਤੇ ਅਕਾਲੀ ਵਰਕਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖੇ ਜਾਣ ਦੇ ਮਾਮਲੇ ਤੋਂ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਵਾਸਤੇ ਹਲਕੇ ਤੋਂ ਐਸ ਐਸ ਪੀ ਤੇ ਦੋ ਹੋਰ ਪੁਲਿਸ ਅਫਸਰਾਂ ਦਾ ਤਬਾਦਲਾ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦੇ ਨਾਲ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ, ਨੇ ਜ਼ੋਰ ਦੇ ਕੇ ਕਿਹਾ ਕਿ ਐਸ ਐਸ ਪੀ ਦੇ ਨਾਲ-ਨਾਲ ਐਸ ਪੀ (ਡਿਟੈਕਟਿਵ) ਰਿਪੁਰਪਨ ਸਿੰਘ ਅਤੇ ਸੀ ਆਈ ਏ ਇੰਚਾਰਜ ਪ੍ਰਭਜੀਤ ਸਿੰਘ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਅਕਾਲੀ ਵਰਕਰਾਂ ’ਤੇ ਗੈਰ ਕਾਨੂੰਨੀ ਛਾਪੇਮਾਰੀ ਕਰ ਰਹੇ ਹਨ ਅਤੇ ਉਹਨਾਂ ਨੇ ਉਹਨਾਂ ਦੇ ਰਵੱਈਏ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਪ੍ਰਿੰਸੀਪਲ ਰੰਧਾਵਾ ਨੇ ਕਿਹਾ ਕਿ ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਕੌਂਸਲਰ ਸ਼ਾਮ ਸਿੰਘ, ਸਰਪੰਚ ਵਰਿੰਦਰ ਸਿੰਘ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹਮਾਇਤ ਨਾ ਕੀਤੀ ਤਾਂ ਉਹਨਾਂ ਖਿਲਾਫ ਝੂਠੇ ਕੇਸ ਦਰਜ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਟੀਮਾਂ ਉਹਨਾਂ ਨੂੰ ਹਲਕੇ ਤੋਂ ਦੂਰ ਲੈ ਗਈਆਂ ਹਨ।
ਅਕਾਲੀ ਦਲ ਦੇ ਉਮੀਦਵਾਰ ਨੇ ਜ਼ੋਰ ਦੇ ਕੇ ਕਿਹਾ ਕਿ ਐਸ ਐਸ ਪੀ ਡਾ. ਰਵਜੋਤ ਗਰੇਵਾਲ ਦੀ ਅਗਵਾਈ ਹੇਠ ਇਹ ਸਾਰੀ ਧਮਕਾਉਣ ਦੀ ਕਾਰਵਾਈ ਚਲ ਰਹੀ ਹੈ। ਇਸ ਤੋਂ ਪਹਿਲਾਂ ਐਸ ਐਸ ਪੀ ਨੇ ਉਹਨਾਂ ਦੀ ਧੀ ਕੰਚਨਪ੍ਰੀਤ ਕੌਰ ਤੇ ਹੋਰਨਾਂ ਖਿਲਾਫ ਝੂਠੀ ਐਫ ਆਈ ਆਰ ਦਰਜ ਕੀਤੀ ਸੀ ਜਿਸ ਵਿਚ ਅਦਾਲਤ ਨੇ ਉਹਨਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ।
ਉਹਨਾਂ ਕਿਹਾ ਕਿ ਹਾਲ ਹੀ ਵਿਚ ਦੋ ਅਣਪਛਾਤੇ ਲੋਕਾਂ ਨੇ ਕਾਰ ਵਿਚ ਕੰਚਨਪ੍ਰੀਤ ਦਾ ਪਿੱਛਾ ਕੀਤਾ ਅਤੇ ਕਾਰ ਦੀਆਂ ਨੰਬਰ ਪਲੇਟਾਂ ਵੀ ਜਾਅਲੀ ਸਨ। ਲੋਕਾਂ ਨੇ ਇਹਨਾਂ ਦੋਵਾਂ ਜਣਿਆਂ ਨੂੰ ਫੜ ਲਿਆ ਤਾਂ ਸਾਰੀ ਗੱਲ ਸਾਹਮਣੇ ਆਈ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਅਣਪਛਾਤੇ ਲੋਕਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੰਚਨਪ੍ਰੀਤ ਦਾ ਪਿੱਛਾ ਕਰਨ ਦੇ ਕੰਮ ’ਤੇ ਲਾਇਆ ਹੈ।
ਸ਼ਿਕਾਇਤ ਵਿਚ ਦੱਸਿਆ ਗਿਆ ਕਿ ਡਾ. ਰਵਜੋਤ ਗਰੇਵਾਲ ਤੇ ਉਹਨਾਂ ਦੇ ਦੋ ਅਫਸਰ ਆਪ ਉਮੀਦਵਾਰ ਹਰਮੀਤ ਸੰਧੂ ਜਿਹਨਾਂ ਦਾ ਪੀ ਏ ਐਸ ਐਸ ਪੀ ਦਾ ਰਿਸ਼ਤੇਦਾਰ ਹੈ, ਦੀ ਹਮਾਇਤ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਪੱਖਪਾਤੀ ਰਵੱਈਆ ਪੁਲਿਸ ਦੇ ਨਿਰਪੱਖਤਾ ਦੇ ਰਵੱਈਏ ਤੋਂ ਪਰੇ ਹੈ ਤੇ ਚੋਣਾਂ ਦੌਰਾਨ ਪੁਲਿਸ ਤੋਂ ਨਿਰਪੱਖ ਰਹਿਣ ਦੀ ਆਸ ਕੀਤੀ ਜਾਂਦੀ ਹੈ ਪਰ ਜਿੰਨਾ ਚਿਰ ਇਹ ਅਫਸਰ ਆਪਣੇ ਅਹੁਦਿਆਂ ’ਤੇ ਟਿਕੇ ਰਹਿਣਗੇ ਆਜ਼ਾਦ ਤੇ ਨਿਰਪੱਖ ਚੋਣਾਂ ਸੰਭਵ ਨਹੀਂ ਹਨ।
ਇਥੇ ਜ਼ਿਕਰਯੋਗ ਹੈ ਕਿ ਐਸ ਪੀ ਰਿਪੁਰਪਨ ਸਿੰਘ ਅਤੇ ਇੰਸਪੈਕਟਰ ਪ੍ਰਭਜੀਤ ਸਿੰਘ ਲੰਬੇ ਸਮੇਂ ਤੋਂ ਤਰਨ ਤਾਰਨ ਵਿਚ ਤਾਇਨਾਤ ਹਨ। ਪਾਰਟੀ ਨੇ ਪਹਿਲਾਂ ਵੀ ਉਹਨਾਂ ਦੇ ਹਲਕੇ ਤੋਂ ਤਬਾਦਲੇ ਦੀ ਮੰਗ ਕੀਤੀ ਸੀ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।
