ਕਪੂਰਥਲਾ, 5 ਨਵੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕਪੂਰਥਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਬਾਰੇ ਵੜਿੰਗ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਨਾਲ ਸਬੰਧਤ ਹੈ। ਸਵਰਗੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ ਹੈ।
ਵੜਿੰਗ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 353 ਤੇ 196 ਤੋਂ ਇਲਾਵਾ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ (ਅਤਿਆਚਾਰ ਰੋਕੂ) ਐਕਟ ਦੀ ਧਾਰਾ 3(1)(u) ਤੇ 3(1)(v) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਯਾਦ ਰਹੇ ਕਿ ਰਾਜਾ ਵੜਿੰਗ ਨੇ ਹਾਲ ਹੀ ਵਿੱਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਵਰਗੀ ਬੂਟਾ ਸਿੰਘ ਬਾਰੇ ਟਿੱਪਣੀ ਕੀਤੀ ਸੀ, ਜਿਸ ਨੂੰ ਨਸਲੀ ਤੇ ਅਪਮਾਨਜਨਕ ਕਰਾਰ ਦਿੱਤਾ ਜਾ ਰਿਹਾ ਹੈ।
ਇਸ ਬਿਆਨ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਵਿਖਾਈ ਦਿੱਤਾ ਗਿਆ ਸੀ ਤੇ ਵਿਰੋਧ ਵੀ ਹੋਇਆ ਸੀ।
ਲੱਗੀਆਂ ਧਾਰਾਵਾਂ ਤੇ ਸੰਭਾਵਿਤ ਸਜ਼ਾਵਾਂ:
- ਬੀਐਨਐਸ ਧਾਰਾ 353: ਸਰਕਾਰੀ ਮੁਲਾਜ਼ਮ ਨੂੰ ਡਿਊਟੀ ਦੌਰਾਨ ਰੋਕਣ ਲਈ ਹਮਲਾ ਜਾਂ ਬਲ ਵਰਤੋਂ। ਸਜ਼ਾ: ਵੱਧ ਤੋਂ ਵੱਧ 5 ਸਾਲ ਕੈਦ ਜਾਂ ਜੁਰਮਾਨਾ ਜਾਂ ਦੋਵੇਂ।
- ਬੀਐਨਐਸ ਧਾਰਾ 196: ਅਫਵਾਹਾਂ ਫੈਲਾਉਣਾ ਜਾਂ ਜਨਤਕ ਅਸ਼ਾਂਤੀ ਪੈਦਾ ਕਰਨ ਵਾਲੀ ਝੂਠੀ ਜਾਣਕਾਰੀ ਦੇਣਾ। ਸਜ਼ਾ: ਵੱਧ ਤੋਂ ਵੱਧ 3 ਸਾਲ ਕੈਦ।
- ਐਸਸੀ/ਐਸਟੀ ਐਕਟ ਧਾਰਾ 3(1)(u): ਅਨੁਸੂਚਿਤ ਜਾਤੀ/ਜਨਜਾਤੀ ਵਿਅਕਤੀ ਨੂੰ ਸਮਾਜਿਕ ਬਹਿਸਕਾਰ ਦਾ ਪ੍ਰਚਾਰ ਜਾਂ ਪ੍ਰੇਰਣਾ। ਸਜ਼ਾ: 6 ਮਹੀਨੇ ਤੋਂ 5 ਸਾਲ ਤੱਕ ਕੈਦ ਤੇ ਜੁਰਮਾਨਾ।
- ਐਸਸੀ/ਐਸਟੀ ਐਕਟ ਧਾਰਾ 3(1)(v): ਅਨੁਸੂਚਿਤ ਜਾਤੀ/ਜਨਜਾਤੀ ਮੈਂਬਰ ਦੀ ਜਾਇਦਾਦ ‘ਤੇ ਜਬਰੀ ਕਬਜ਼ਾ ਜਾਂ ਵਾਂਝਾ ਕਰਨਾ। ਸਜ਼ਾ: 1 ਸਾਲ ਤੋਂ ਉਮਰ ਕੈਦ ਤੱਕ।
