ਕਿਹਾ: ਗੈਂਗਸਟਰਾਂ ਵਲੋਂ ਵਪਾਰੀਆਂ ਤੇ ਦੁਕਾਨਦਾਰ ਤੋਂ ਸ਼ਰ੍ਹੇਆਮ ਮੰਗੀ ਜਾ ਰਹੀ ਹੈ ਫਿਰੌਤੀ, ਸਰਕਾਰ ਤੇ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ’ਚ
ਬਟਾਲਾ, 15 ਅਕਤੂਬਰ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾਰਹੇ ਹਨ ਅਤੇ ਉਹ ਬਿਨਾਂ ਕਿਸੇ ਡਰ ਦੇ ਅਪਰਾਧ ਘਟਨਾਵਾ ਨੂੰ ਅੰਜ਼ਾਮ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਅਤੇ ਪ੍ਰਦੇਸ਼ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ ਅਤੇ ਸੂਬੇ ਦੇ ਹਾਲਾਤ ਅੱਤਵਾਦ ਵਰਗੇ ਕਾਲੇ ਦੌਰ ਵਾਲੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਤੋਂ ਸ਼ਰ੍ਹੇਆਮ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਪੈਸੇ ਨਾ ਦੇਣ ਵਾਲੇ ਲੋਕਾਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਜੱਸਾ ਸਿੰਘ ਰਾਮਗੜੀਆ ਹਾਲ ਦੇ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਆਂ ਚੱਲਾ ਦਿੱਤੀਆਂ ਗਈਆਂ ਜਿਸਦੇ ਚਲਦਿਆਂ ਗੋਲੀ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਆਏ ਦਿਨ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਸਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸੁਧਾਰਨ ਦੀ ਬਜਾਏ, ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦੀ ਸੁਰੱਖਿਆ ਬਾਰੇ ਵੱਡੇ-ਵੱਡੇ ਬਿਆਨ ਅਤੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਜਮੀਨੀ ਸਥਿਤੀ ਬਹੁਤ ਵੱਖਰੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ’ਚ ਬਦਲਾਅ ਲਿਆਉਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ ਪਰ ਅਜਿਹੇ ਬਦਲਾਅ ਦੀ ਸੂਬੇ ਦੇ ਲੋਕਾਂ ਨੇ ਕਦੇ ਕਲਪਣਾ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਇਸੇ ਸਮੇਂ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਣ ਲਈ ਠੋਸ ਕਦਮ ਚੁੱਕੇ ਅਤੇਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੁਝ ਦਿਨ ਪਹਿਲਾਂ ਬਟਾਲਾ ’ਚ ਹੋਈ ਘਟਨਾ ’ਚ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਯੋਗ ਮੁਆਵਜਾ ਦੇਵੇ। ਉਨ੍ਹਾਂ ਕਿਹਾ ਕਿ ਹਲਕਾ ਬਟਾਲਾ ਦੇ ਵਿਧਾਇਕ ਅਮਨਸੇਰ ਸਿੰਘ ਸ਼ੈਰੀ ਕਲਸੀ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀ ਸੁਰੱਖਿਆ ਵਿਵਸਥਾ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਿਸ਼ੇਸ਼ ਧਿਆਨ ਦੇਣ ਕਿਉਂਕਿ ਰੋਜਾਨਾ ਲੋਕਾਂ ਨੂੰ ਕਿਸੇ ਨਾ ਕਿਸੇ ਗੈਂਗਸਟਰ ਵਲੋਂ ਫਿਰੌਤੀ ਦੀ ਮੰਗ ਨੂੰ ਲੈ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਜਿਹੇ ’ਚ ਪੁਲਸ ਪ੍ਰਸ਼ਾਸਨ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ’ਤੇ ਨੁਕੇਲ ਕੱਸਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
