ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
ਤਰਨ ਤਾਰਨ/ਚੰਡੀਗੜ੍ਹ, 11 ਅਕਤੂਬਰ 2025 (ਦੀ ਪੰਜਾਬ ਵਾਇਰ)—- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੜ੍ਹ ਰੋਕਥਾਮ ਕਾਰਜ ਕਰਨ ਅਤੇ ਇਸ ਵੱਲੋਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਵਿਸਥਾਰਿਤ ਰਿਪੋਰਟ ਕੇਂਦਰ ਨੂੰ ਸੌਂਪਣ ਵਿਚ ਨਾਕਾਮੀ ਕਿਸਾਨਾਂ ਨੂੰ ਬਹੁਤ ਮਹਿੰਗੀ ਪਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਮੁਹਾਜ਼ਾਂ ’ਤੇ ਨਾਕਾਮੀ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਮਹਿੰਗੀ ਪਈ ਹੈ। ਉਹਨਾਂ ਨੇ ਇਸ ਕਾਰਵਾਈ ਨੂੰ ’ਨਲਾਇਕੀ’ ਕਰਾਰ ਦਿੱਤਾ ਜਿਸ ਕਾਰਨ ਪਹਿਲਾਂ ਬੰਨਾਂ ਦੀ ਮਜ਼ਬੂਤੀ ਨਹੀਂ ਕੀਤੀ ਜਾ ਸਕੀ ਤੇ ਫਿਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਪ੍ਰਾਪਤ ਕਰਨ ਤੋਂ ਰੋਕਿਆ ਗਿਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਥੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬਾ ਸਰਕਾਰ ਬੇਨਕਾਬ ਹੋਣ ਦੇ ਬਾਵਜੂਦ ਵੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਵਿਸਥਾਰਿਤ ਰਿਪੋਰਟ ਸੌਂਪਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਰਿਪੋਰਟ ਪਹਿਲਾਂ ਪੇਸ਼ ਕੀਤੀ ਗਈ ਸੀ, ਉਹੀ ਮੁੜ ਪੇਸ਼ ਕੀਤੀਗਈ ਹੈ। ਉਹਨਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਮਿਲਣ ਵਿਚ ਦੇਰੀ ਹੋ ਰਹੀ ਹੈ।
ਸਰਦਾਰ ਬਾਦਲ ਨੇ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਨੰਨੂ ਅਤੇ ਉਹਨਾਂ ਦੇ ਅਣਗਿਣਤ ਸਮਰਥਕਾਂ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਸਰਦਾਰ ਨੂੰਨੂ ਵੱਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਫੈਸਲੇ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਸੱਟ ਵੱਜੀ ਹੈ ਅਤੇ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਮਜ਼ਬੂਤ ਹੋਈ ਹੈ। ਉਹਨਾਂ ਕਿਹਾ ਕਿ ਮੈਂ ਸਰਦਾਰ ਨੰਨੂ ਨੂੰ ਭਰੋਸਾ ਦੁਆਉਂਦਾ ਹਾਂ ਕਿ ਉਹਨਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਤਰਨ ਤਾਰਨ ਹਲਕੇ, ਜਿਥੋਂ ਪਾਰਟੀ ਨੇ ਬੀਬੀ ਸਖਵਿੰਦਰ ਕੌਰ ਰੰਧਾਵਾ ਨੂੰ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਐਲਾਨਿਆ ਹੋਇਆ ਹੈ, ਦੇ ਹੱਕ ਵਿਚ ਵੱਖ-ਵੱਖ ਪਾਰਟੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਸੂਬੇ ਦੇ ਮਸਲਿਆਂ ਨੂੰ ਹੱਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਕਾਂਗਰਸ ਤੇ ਆਪ ਨੇ ਵਾਰ-ਵਾਰ ਫੇਲ੍ਹ ਕੀਤਾ ਹੈ ਤੇ ਇਸਦੇ ਸਰੋਤਾਂ ਦੀ ਲੁੱਟ ਕਰਨ ਤੋਂ ਇਲਾਵਾ ਕੱਖ ਵੀ ਨਹੀਂ ਕੀਤਾ। ਉਹਨਾਂਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਪੰਜਾਬ ਦਾ ਰਿਕਾਰਡ ਵਿਕਾਸ ਕਰਵਾਇਆ ਹੈ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਤੇ ਬੁਢਾਪਾ ਪੈਨਸ਼ਨ, ਸ਼ਗਨਸਕੀਮ ਤੇ ਆਟਾ ਦਾਲ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਦੌਰ ਵੇਲੇ ਇਹ ਸਾਰੀਆਂ ਸਕੀਮਾਂ ਠੱਪ ਪਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ ਅਤੇ ਕਿਵੇਂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰਾਂ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਿਲੋਂ ਉਹਨਾਂ ਦੀ ਉਮੀਦਵਾਰੀ ਦੀ ਹਮਾਇਤ ਕਰਨ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਮਾਗਮਾਂ ਲਈ ਦਿੱਲੀ ਤੋਂ ਕੁਰਸੀਆਂ ਤੇ ਟੈਂਟ ਲਿਆਉਣ ਦੀਆਂ ਗੱਲਾਂ ਖਬਰਾਂ ਰਾਹੀਂ ਬੇਨਕਾਬ ਹੋਣ ਤੋਂ ਬਾਅਦ ਮੀਡੀਆ ਵਾਲਿਆਂ ਦੀ ਬਦਨਾਮੀ ਕਰ ਰਹੇ ਹਨ। ਉਹਨਾਂਕਿਹਾ ਕਿ ਮੁੱਖ ਮੰਤਰੀ ਨੂੰ ਆਪ ਮੰਨ ਲਿਆ ਹੈ ਕਿ ਉਹਨਾਂ ਦੀ ਪਾਰਟੀ ਦੇ ਪ੍ਰੋਗਰਾਮਾਂ ’ਤੇ ਜਿਹੜੀ ਕੰਪਨੀ ਟੈਂਟ ਤੇ ਕੁਰਸੀਆਂ ਭੇਜ ਰਹੀ ਹੈ, ਉਹ ਸੂਬੇ ਦੇ ਬਾਹਰੋਂ ਭੇਜ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਬੇਨਕਾਬ ਹੋ ਗਿਆ ਹੈ ਤਾਂ ਉਹਨਾਂ ਨੂੰ ਮੀਡੀਆ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
