ਸਾਬਕਾ ਕੇਂਦਰੀ ਮੰਤਰੀ ਭਰਤ ਸਿੰਘ ਸੋਲੰਕੀ ਨੇ ਸੰਗਠਨ ਸਿਰਜਣਾ ਮੁਹਿੰਮ ਤਹਿਤ ਗੁਰਦਾਸਪੁਰ ਦੇ ਵਪਾਰੀਆਂ ਨਾਲ ਕੀਤੀ ਬੈਠਕ

ਗੁਰਦਾਸਪੁਰ, 2 ਅਕਤੂਬਰ 2025 (ਮਨਨ ਸੈਣੀ)।ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਭਰਤ ਸਿੰਘ ਸੋਲੰਕੀ ਨੇ ਸੰਗਠਨ ਸਿਰਜਣਾ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਪਾਰੀਆਂ ਨਾਲ ਇੱਕ ਬੈਠਕ ਕੀਤੀ। ਇਸ ਬੈਠਕ ਦੌਰਾਨ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਜੂਦ ਸਨ।

ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ

ਬੈਠਕ ਦੌਰਾਨ ਕੇਂਦਰੀ ਮੰਤਰੀ ਸੋਲੰਕੀ ਨੇ ਦੱਸਿਆ ਕਿ ਉਹ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਵੱਡੇ ਨੇਤਾਵਾਂ ਦੇ ਨਾਲ-ਨਾਲ ਪਾਹੜਾ ਟੀਮ ਨੇ ਵੀ ਹੜ੍ਹਾਂ ਦੌਰਾਨ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ। ਪਾਰਟੀ ਦੇ ਵੱਡੇ ਨੇਤਾ ਵੀ ਇਸ ਵਿੱਚ ਦਿਨ-ਰਾਤ ਮਿਹਨਤ ਕਰ ਰਹੇ ਹਨ।

ਪੰਜਾਬੀਆਂ ਦੇ ਆਪਸੀ ਸਹਿਯੋਗ ਦੀ ਕੀਤੀ ਤਾਰੀਫ਼

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਬਹੁਤ ਹੀ ਵਧੀਆ ਗੱਲ ਦੇਖੀ ਹੈ ਕਿ ਜਿੱਥੋਂ ਦੀ ਸਰਕਾਰ ਲੋਕਾਂ ਦੀ ਸਹਾਇਤਾ ਕਰੇ ਜਾਂ ਨਾ ਕਰੇ, ਲੋਕਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਆਪਸ ਵਿੱਚ ਇੱਕ ਦੂਜੇ ਦੀ ਸਹਾਇਤਾ ਬਿਲਕੁਲ ਆਪਣਿਆਂ ਵਾਂਗ ਹੀ ਕਰਦੇ ਹਨ। ਉਨ੍ਹਾਂ ਨੂੰ ਇਹ ਪੰਜਾਬ ਤੋਂ ਸਿੱਖਣ ਲਈ ਮਿਲਿਆ ਹੈ ਕਿ ਔਖੇ ਸਮੇਂ ਵਿੱਚ ਆਪਣੇ ਲੋਕਾਂ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾਂਦੀ ਹੈ।

ਉਹ ਪੰਜਾਬ ਵਿੱਚ ਇਸ ਲਈ ਆਏ ਹਨ ਤਾਂ ਜੋ ਜ਼ਮੀਨੀ ਪੱਧਰ ‘ਤੇ ਜਾ ਕੇ ਦੇਖਿਆ ਜਾ ਸਕੇ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਹਨ ਅਤੇ ਕਿਸੇ ਤਰ੍ਹਾਂ ਦਾ ਆਪਸੀ ਮਨਮੁਟਾਵ ਹੈ ਤਾਂ ਉਸਨੂੰ ਖਤਮ ਕਰਨ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਮਦਦ ਕੀਤੀ ਜਾ ਸਕੇ।

ਵਪਾਰੀਆਂ ਨੂੰ ਦੱਸਿਆ ਪਾਰਟੀ ਦੀ ਮੁੱਖ ਤਾਕਤ

ਉਨ੍ਹਾਂ ਨੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਪਾਰੀ ਇੱਕ ਅਜਿਹਾ ਵਰਗ ਹੈ, ਜੋ ਕਿਸੇ ਵੀ ਪਾਰਟੀ ਦੀ ਮਜ਼ਬੂਤੀ ਦਾ ਮੁੱਖ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਬੇਹੱਦ ਹੀ ਦਿਲਦਾਰ ਅਤੇ ਚੰਗੇ ਸੁਭਾਅ ਦੇ ਮਾਲਕ ਹਨ।

Exit mobile version