ਖਾਦ ਦਾ ਅਣ ਅਧਿਕਾਰਤ ਸਟਾਕ ਬਰਾਮਦ
ਗੁਰਦਾਸਪੁਰ, 1 ਅਕਤੂਬਰ 2025 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਗੁਰਦਾਸਪੁਰ ਵਿਚ ਕਿਸਾਨਾਂ ਨੂੰ ਸਮੇਂ ਸਿਰ ਅਤੇ ਲੋੜੀਂਦੀ ਮਾਤਰਾ ਵਿਚ ਖਾਦਾਂ ਉਪਲਬਧ ਕਰਵਾਉਣ ਲਈ ਚਲਾਈ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਫਸਰ ਡਾਕਟਰ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਇਨਫੋਰਸਮੈਂਟ ਡਾਕਟਰ ਅੰਮ੍ਰਿਤ ਪਾਲ ਸਿੰਘ, ਡਾਕਟਰ ਹਰਮਨਦੀਪ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਪਰਮਿੰਦਰ ਕੁਮਾਰ ਅਧਾਰਿਤ ਟੀਮ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਖਾਦ ਵਿਕਰੇਤਾ ਸੈਣੀ ਖਾਦ ਸਟੋਰ ਅੱਡਾ ਸੈਦੋਵਾਲ ਖੁਰਦ ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਮੌਕੇ ਤੇ ਟਰਿਪਲ ਸੁਪਰ ਫਾਸਫੇਟ ਖਾਦ ਦੇ 130 ਬੈਗ ਅਤੇ ਪੋਟਾਸ਼ ਖਾਦ 14.5% ਦੇ 15 ਬੈਗ ਇੱਕ ਨਾਮਲੂਮ ਵਿਅਕਤੀ ਵੱਲੋਂ ਦੁਕਾਨ ਵਿੱਚ ਅਨਲੋਡ ਕਰਵਾਉਣ ਲਈ ਲਿਆਂਦੇ ਹੋਏ ਸਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਹਾਜ਼ਰ ਅਧਿਕਾਰੀਆਂ ਵੱਲੋਂ ਉਸ ਵਿਅਕਤੀ ਰਾਹੀਂ ਮੌਕੇ ਤੇ ਦੁਕਾਨ ਨੂੰ ਖੁਲਵਾਇਆ ਗਿਆ ਤਾਂ ਦੁਕਾਨ ਅੰਦਰ 350 ਬੈਗ ਯੂਰੀਆ ਖਾਦ, ਵੱਖ-ਵੱਖ ਬਰਾਂਡਾਂ ਦੇ 38 ਬੈਗ ਸਲਫਰ 90% ਅਤੇ ਵੱਖ-ਵੱਖ ਬਰਾਂਡਾਂ ਦੇ 111 ਬੈਗ ਸਿੰਗਲ ਸੁਪਰ ਫਾਸਫੇਟ ਖਾਦ ਸਟੋਕ ਪਾਈ ਗਈ। ਇਸ ਖਾਦ ਸਟੋਕ ਬਾਬਤ ਪੁੱਛਣ ਤੇ ਹਾਜ਼ਰ ਨਾ ਮਲੂਮ ਵਿਅਕਤੀ ਨੇ ਦੱਸਿਆ ਕਿ ਖਾਦ ਦੇ ਇਸ ਸਟੋਕ ਵਿੱਚੋਂ 125 ਬੈਗ ਟਰਿਪਲ ਸੁਪਰ ਫਾਸਫੇਟ, 15 ਬੈਗ ਪੋਟਾਸ਼ 14.5% ਅਤੇ 350 ਬੈਗ ਯੂਰੀਆ ਖਾਦ ਸਹਿਕਾਰੀ ਸਭਾ ਨੈਣੇਕੋਟ ਵੱਲੋਂ ਸਪਲਾਈ ਕੀਤੀ ਗਈ ਹੈ।
ਚੈਕਿੰਗ ਦੌਰਾਨ ਦੁਕਾਨ ਦਾ ਮਾਲਕ ਸ੍ਰੀ ਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨੈਣੇਕੋਟ ਵੀ ਮੌਕੇ ਤੇ ਹਾਜ਼ਰ ਹੋ ਗਿਆ ਤੇ ਉਹ ਇਸ ਖਾਦ ਦੇ ਸਟਾਕ ਸੰਬੰਧੀ ਕੋਈ ਵੀ ਦਸਤਾਵੇਜ ਅਤੇ ਬਿੱਲ ਪੇਸ਼ ਨਹੀਂ ਕਰ ਸਕਿਆ ਇਸ ਕਰਕੇ ਇਸ ਖਾਦਾਂ ਦੇ ਸਟਾਕ ਨੂੰ ਅਣ-ਅਧਿਕਾਰਿਤ ਘੋਸ਼ਿਤ ਕਰਦੇ ਹੋਏ ਇਸ ਦੀ ਵਿਕਰੀ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਥਾਣਾ ਪੁਲਿਸ ਪਾਰਟੀ ਭੈਣੀ ਮੀਆਂ ਖਾਂ ਦੀ ਹਾਜਰੀ ਵਿੱਚ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਦੇ ਮਾਲਕ ਨੂੰ ਇਹਨਾਂ ਖਾਦਾਂ ਸਬੰਧੀ ਲੋੜੀਦੇ ਦਸਤਾਵੇਜ ਅਤੇ ਬਿੱਲ ਪੇਸ਼ ਕਰਨ ਲਈ ਇੱਕ ਦਿਨ ਦੀ ਮੁਹਲਤ ਦਿੱਤੀ ਗਈ ਜਿਸ ਵਿੱਚ ਉਹ ਅਸਫਲ ਰਿਹਾ ਅਤੇ ਉਸ ਦਾ ਖਾਦਾਂ ਦਾ ਲਾਈਸੈਂਸ ਰੱਦ ਕਰਦੇ ਹੋਏ ਉਕਤ ਫਰਮ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਅਤੇ ਪੁਲਿਸ ਥਾਣਾ ਭੈਣੀ ਮੀਆਂ ਖਾਣ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਸਮੂਹ ਥੋਕ ਵਿਕਰੇਤਾਵਾਂ ਅਤੇ ਸਕੱਤਰ ਸਹਿਕਾਰੀ ਸਭਾਵਾਂ ਨੂੰ ਤਾੜਨਾ ਕਰਦਿਆਂ ਸੁਚੇਤ ਕੀਤਾ ਕਿ ਖਾਦ ਦੀ ਕਾਲਾਬਜ਼ਾਰੀ ਜਾਂ ਜਮਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
