ਚਾਰ ਪੜਾਵਾਂ ਵਿੱਚ ਚਲਾਇਆ ਸਹਾਇਤਾ ਅਭਿਆਨ
ਗੁਰਦਾਸਪੁਰ/ਪਠਾਨਕੋਟ, 17 ਸਤੰਬਰ 2025 (ਮਨਨ ਸੈਣੀ)। ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਲਈ ਆਲ ਇੰਡੀਆ ਸੈਣੀ ਸੇਵਾ ਸਮਾਜ (ਏਆਈਐਸਐਸਐਸ) ਨੇ ਇੱਕ ਵਿਆਪਕ ਰਾਹਤ ਮੁਹਿੰਮ ਚਲਾਈ। ਇਹ ਅਭਿਆਨ ਪੰਜਾਬ ਸਟੇਟ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਪੀਲ ‘ਤੇ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣਾ ਸੀ। ਸੰਗਠਨ ਦੀ ਪੰਜਾਬ ਸਟੇਟ ਇਕਾਈ ਅਤੇ ਦੀਨਾਨਗਰ ਯੂਨਿਟ ਨੇ ਆਧੁਨਿਕ ਵਿਹਾਰ ਵੈੱਲਫੇਅਰ ਸੁਸਾਇਟੀ (ਰਜਿ.) ਪਠਾਨਕੋਟ ਦੇ ਸਹਿਯੋਗ ਨਾਲ ਇਹ ਰਾਹਤ ਕਾਰਜ ਚਾਰ ਪੜਾਵਾਂ ਵਿੱਚ ਪੂਰਾ ਕੀਤਾ।
ਇਸ ਮੁਹਿੰਮ ਦੀ ਅਗਵਾਈ ਏਆਈਐਸਐਸਐਸ ਪੰਜਾਬ ਦੇ ਜਨਰਲ ਸਕੱਤਰ ਅਤੇ ਦੀਨਾਨਗਰ ਯੂਨਿਟ ਦੇ ਪ੍ਰਧਾਨ ਸ੍ਰੀ ਜਗਦੀਸ਼ ਰਾਜ ਸੈਣੀ ਨੇ ਕੀਤੀ। ਉਨ੍ਹਾਂ ਦੇ ਨਾਲ ਏਆਈਐਸਐਸਐਸ (ਪੰਜਾਬ) ਦੇ ਸਕੱਤਰ ਅਤੇ ਦੀਨਾਨਗਰ ਦੇ ਸੀਨੀਅਰ ਉਪ-ਪ੍ਰਧਾਨ ਰਘੁਬੀਰ ਸਿੰਘ ਸੈਣੀ, ਏਆਈਐਸਐਸਐਸ ਦੇ ਕਾਰਜਕਾਰੀ ਮੈਂਬਰ ਅਤੇ ਦੀਨਾਨਗਰ ਦੇ ਸੰਯੁਕਤ ਕੈਸ਼ੀਅਰ ਈਸ਼ਵਰ ਸਿੰਘ ਸੈਣੀ, ਯੂਨਿਟ ਦੇ ਪੀਆਰਓ ਰਾਜਿੰਦਰ ਸੈਣੀ ਆਦਿ ਸ਼ਾਮਲ ਸਨ। ਇਸ ਮੁਹਿੰਮ ਵਿੱਚ ਆਧੁਨਿਕ ਵਿਹਾਰ ਵੈੱਲਫੇਅਰ ਸੁਸਾਇਟੀ ਪਠਾਨਕੋਟ (ਰਜਿ.) ਦੇ ਮੈਂਬਰ ਸੀਨੀਅਰ ਉਪ-ਪ੍ਰਧਾਨ ਜੇ.ਐਸ. ਪਾਟਿਲ, ਜਨਰਲ ਸਕੱਤਰ ਵਿਨੋਦ ਸ਼ਰਮਾ, ਕਾਰਜਕਾਰੀ ਮੈਂਬਰ ਵਿਪਿਨ ਨੈਅਰ, ਪ੍ਰੋ. ਅਸ਼ਵਨੀ ਸ਼ਰਮਾ ਅਤੇ ਉਪ-ਪ੍ਰਧਾਨ ਵਿਨੈ ਮਹਾਜਨ ਆਦਿ ਵੀ ਪ੍ਰਧਾਨ ਜਗਦੀਸ਼ ਰਾਜ ਸੈਣੀ ਦੀ ਪ੍ਰਧਾਨਗੀ ਹੇਠ ਇਸ ਰਾਹਤ ਮੁਹਿੰਮ ਦਾ ਹਿੱਸਾ ਬਣੇ।
ਜਗਦੀਸ਼ ਰਾਜ ਸੈਣੀ ਨੇ ਦੱਸਿਆ ਕਿ ਰਾਹਤ ਅਭਿਆਨ ਨੂੰ ਚਾਰ ਪੜਾਵਾਂ ਵਿੱਚ ਚਲਾਇਆ ਗਿਆ। ਪਹਿਲੇ ਪੜਾਅ ਵਿੱਚ ਨਰੋਟ ਜੈਮਲ ਸਿੰਘ ਅਤੇ ਆਸਪਾਸ ਦੇ ਪਿੰਡਾਂ ਜਿਵੇਂ ਨਰੋਟ ਜੈਮਲ ਸਿੰਘ, ਤਾਸ਼, ਮੰਜਿਰੀ, ਪੰਮਾ ਅਤੇ ਕੋਲ੍ਹੀਆਂ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਗਈ। ਇਸ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਕਿੱਟ, ਕੰਬਲ, ਪਾਣੀ ਦੇ ਡੱਬੇ ਅਤੇ ਮੱਛਰਦਾਨੀਆਂ ਦਿੱਤੀਆਂ ਗਈਆਂ। ਦੂਜੇ ਪੜਾਅ ਵਿੱਚ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡਾਂ ਜਿਵੇਂ ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਅਜਨਾਲਾ, ਚੋਗਵਾਂ ਅਤੇ ਭਿੰਡੀ ਸੈਦਾਂ ਵਿੱਚ ਰਾਹਤ ਪਹੁੰਚਾਈ ਗਈ। ਇੱਥੇ ਲੋੜਵੰਦ ਪਰਿਵਾਰਾਂ ਨੂੰ ਕੰਬਲ, ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ।
ਇਸੇ ਤਰ੍ਹਾਂ ਤੀਜੇ ਪੜਾਅ ਵਿੱਚ ਕੋਲ੍ਹੀਆਂ ਅਤੇ ਬਮਿਆਲ ਦੇ ਪਿੰਡਾਂ ਨੂੰ ਕਵਰ ਕੀਤਾ ਗਿਆ, ਜਿਸ ਵਿੱਚ ਕੋਲ੍ਹੀਆਂ, ਬਮਿਆਲ, ਫਰਵਾਲ ਅਤੇ ਡਾਟੀਆਂਲ ਪਿੰਡ ਸ਼ਾਮਲ ਸਨ। ਇੱਥੇ ਪਾਣੀ ਦੇ ਡੱਬੇ, ਕੰਬਲ, ਟਾਰਚ, ਮੱਛਰਦਾਨੀਆਂ, ਔਰਤਾਂ ਲਈ ਸੈਨੇਟਰੀ ਪੈਡ, ਲਾਈਟਰ ਅਤੇ ਮੋਮਬੱਤੀਆਂ ਦੇ ਪੈਕੇਟ ਵੰਡੇ ਗਏ। ਜਦਕਿ ਚੌਥਾ ਪੜਾਅ (ਰਾਵੀ-ਉਜ਼ ਨਦੀ ਪਾਰ ਦੇ ਪਿੰਡ) ਸਭ ਤੋਂ ਚੁਣੌਤੀਪੂਰਨ ਸੀ, ਜੋ ਮਕੌੜਾ ਪੱਤਣ ਤੋਂ ਨਾਵਾਂ ਰਾਹੀਂ ਪੂਰਾ ਕੀਤਾ ਗਿਆ। ਸੜਕ ਮਾਰਗ ਬੰਦ ਹੋਣ ਕਾਰਨ ਰਾਹਤ ਟੀਮ ਨੂੰ ਰਾਵੀ ਅਤੇ ਉਜ਼ ਨਦੀ ਪਾਰ ਕਰਨੀ ਪਈ। ਨਾਵਾਂ ਰਾਹੀਂ ਸਮੱਗਰੀ ਲੈ ਕੇ ਪਿੰਡਾਂ ਤੱਕ ਪਹੁੰਚਾਈ ਗਈ, ਜਿਸ ਤੋਂ ਬਾਅਦ ਟਰੈਕਟਰ-ਟਰਾਲੀ ਦੀ ਮਦਦ ਨਾਲ ਭਰਿਆਲ, ਲਸੀਆਂ, ਤੂਰ, ਚੇਬੇ ਸਮੇਤ ਸੱਤ ਪਿੰਡਾਂ ਵਿੱਚ ਸਮਾਨ ਵੰਡਿਆ ਗਿਆ। ਇਸ ਵਿੱਚ ਰਾਸ਼ਨ ਕਿੱਟ, ਕੰਬਲ, ਮੱਛਰਦਾਨੀਆਂ, ਟਾਰਚ, ਵੱਡੀ ਮਾਤਰਾ ਵਿੱਚ ਔਰਤਾਂ ਲਈ ਸੈਨੇਟਰੀ ਪੈਡ, ਘਿਓ-ਤੇਲ-ਚਾਹ ਵਰਗੀਆਂ ਜ਼ਰੂਰੀ ਵਸਤੂਆਂ, ਮੋਮਬੱਤੀਆਂ, ਮੱਛਰ ਭਜਾਉਣ ਵਾਲੀਆਂ ਟਿਊਬਾਂ ਅਤੇ ਕੱਪੜੇ ਸ਼ਾਮਲ ਸਨ। ਇਸ ਰਾਹਤ ਕਾਰਜ ਵਿੱਚ ਸ਼ਾਮਲ ਟੀਮ ਨੇ ਬਿਨਾਂ ਕਿਸੇ ਆਰਾਮ ਦੇ ਦਿਨ ਭਰ ਮਿਹਨਤ ਕਰਕੇ ਬੜ੍ਹ ਪੀੜਤਾਂ ਤੱਕ ਸਹਾਇਤਾ ਪਹੁੰਚਾਈ।
ਇਸ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪੰਜਾਬ ਸਟੇਟ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਦੀਨਾਨਗਰ ਯੂਨਿਟ ਅਤੇ ਆਧੁਨਿਕ ਵਿਹਾਰ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਭਿਆਨ ਸਮਾਜ ਦੇ ਲੋੜਵੰਦਾਂ ਪ੍ਰਤੀ ਸੱਚੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸੇਵਾ ਮੁਹਿੰਮਾਂ ਜਾਰੀ ਰਹਿਣਗੀਆਂ।
