ਐਕਸੀਅਨ ਬਲਦੇਵ ਸਿੰਘ ਬਾਜਵਾ ਨੇ ਪਿਛਲੇ ਕਈ ਸਾਲਾਂ ਤੋਂ ਖੇਤਾਂ ਵਿੱਚ ਨਹੀਂ ਲਗਾਈ ਅੱਗ
ਐਕਸੀਅਨ ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ ਵਿੱਚ ਨਾਨਕ ਬਗੀਚੀ ਤਹਿਤ 250 ਪੌਦੇ ਵੀ ਲਗਾਏ
ਗੁਰਦਾਸਪੁਰ, 17 ਸਤੰਬਰ 2025 (ਮਨਨ ਸੈਣੀ )। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਮੰਡੀ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਦੇ ਮਾਮਲੇ ਵਿੱਚ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਉਕਤ ਅਧਿਕਾਰੀ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਮੰਡੀ ਬੋਰਡ ਵਿੱਚ ਗੁਰਦਾਸਪੁਰ ਵਿਖੇ ਐਕਸੀਅਨ ਵਜੋਂ ਤੈਨਾਤ ਹਨ, ਜਿਨ੍ਹਾਂ ਕੋਲੋਂ ਅੰਮ੍ਰਿਤਸਰ ਸਰਕਲ ਦੇ ਨਿਗਰਾਨ ਇੰਜੀਨੀਅਰ ਦਾ ਵੀ ਵਾਧੂ ਚਾਰਜ ਵੀ ਹੈ।
ਇਸ ਅਧਿਕਾਰੀ ਵੱਲੋਂ ਖ਼ੁਦ ਕਈ ਤਰਾਂ ਦੇ ਸਰਕਾਰੀ ਅਤੇ ਸਮਾਜਿਕ ਰੁਝੇਵੇਂ ਹੋਣ ਦੇ ਬਾਵਜੂਦ ਆਪਣੇ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਮੇਂ ਸਿਰ ਨਿਪਟਾ ਕੇ ਵੱਖ-ਵੱਖ ਫ਼ਸਲਾਂ ਦੀ ਬਿਜਾਈ ਕੀਤੀ ਜਾ ਰਹੀ ਹੈ। ਬਲਦੇਵ ਸਿੰਘ ਵੱਲੋਂ ਖ਼ੁਦ ਹੀ ਆਪਣੇ ਖੇਤਾਂ ਵਿੱਚ ਮਿਹਨਤ ਕੀਤੀ ਜਾਂਦੀ ਹੈ ਅਤੇ ਖ਼ੁਦ ਖੇਤੀ ਕਰਕੇ ਵੱਖ ਵੱਖ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 2008 ਤੋ ਉਨ੍ਹਾਂ ਨੇ ਖੇਤੀ ਕਰਦਿਆਂ ਕਦੇ ਵੀ ਆਪਣੇ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਆਪਣੇ ਤਕਰੀਬਨ ਸਾਢੇ 6 ਰਕਬੇ ਵਿੱਚ ਉਹ ਬਿਨਾਂ ਅੱਗ ਲਗਾਏ ਹੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੀ ਬੇਲੋੜੀ ਮਸ਼ੀਨਰੀ ਵੀ ਨਹੀਂ ਖ਼ਰੀਦੀ ਅਤੇ ਆਸਾਨੀ ਦੇ ਨਾਲ ਹੀ ਉਹ ਪਰਾਲੀ ਨੂੰ ਇਕੱਤਰ ਕਰਕੇ ਬਾਅਦ ਵਿੱਚ ਵਰਤ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਉਹ ਕਟਰ ਕਮ ਸਪੈਡਰ ਫੇਰ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਸਨ ਜਿਸ ਦੇ ਰਿਜ਼ਲਟ ਬਹੁਤ ਹੀ ਵਧੀਆ ਰਹੇ। ਇਸ ਵਿਧੀ ਨਾਲ ਬੀਜੀ ਕਣਕ ਵਿੱਚ ਨਦੀਨ ਵੀ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਹ ਮਲਚਰ ਵੀ ਵਰਤਦੇ ਰਹੇ ਅਤੇ ਐਸਐਮਐਸ ਲੱਗੀ ਕੰਬਾਈਨ ਨਾਲ ਵੀ ਝੋਨੇ ਦੀ ਕਟਵਾਈ ਕਰਵਾ ਕੇ ਡਰਿਲ ਨਾਲ ਕਣਕ ਦੀ ਬਿਜਾਈ ਕਰਦੇ ਰਹੇ ਹਨ।
ਐਕਸੀਅਨ ਬਲਦੇਵ ਸਿੰਘ ਨੇ ਦੱਸਿਆ ਕਿ ਉਹ 2014 ਤੋਂ ਯੰਗ ਇਨੋਵੇਟਿਵ ਫਾਰਮਰ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਇਸ ਗਰੁੱਪ ਦੇ ਕਿਸਾਨਾਂ ਵੱਲੋਂ ਬਣਾਏ ਸੰਦ ਬੈਂਕ ਰਾਹੀਂ ਵੱਖ-ਵੱਖ ਸੰਦ ਲਿਆ ਕੇ ਆਪਣੀ ਫ਼ਸਲ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ 2012 ਤੋਂ ਉਹ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਪੰਜ ਸਾਲਾਂ ਤੋਂ ਉਹ ਬਾਸਮਤੀ ਦੀ ਵੀ ਸਿੱਧੀ ਬਿਜਾਈ ਕਰਕੇ ਫ਼ਸਲੀ ਵਿਭਿੰਨਤਾ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇੰਨੇ ਲੰਮੇ ਸਮੇਂ ਤੋਂ ਖੇਤਾਂ ਵਿੱਚ ਅੱਗ ਨਾ ਲਗਾਉਣ ਕਾਰਨ ਉਨ੍ਹਾਂ ਦੇ ਖੇਤ ਉਪਜਾਊ ਹੋ ਗਏ ਹਨ। ਜਿਨ੍ਹਾਂ ਵਿੱਚ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਕਰਨ ਦੀ ਲੋੜ ਪੈਂਦੀ ਹੈ ਅਤੇ ਖੇਤਾਂ ਦੀ ਮਿੱਟੀ ਵਿੱਚ ਜੈਵਿਕ ਮਾਦਾ ਵੀ ਕਾਫ਼ੀ ਮਾਤਰਾ ਵਿੱਚ ਮੌਜੂਦ ਹੈ।
ਐਕਸੀਅਨ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਉਨ੍ਹਾਂ ਨੇ ਝੋਨੇ ਦੀ ਕਾਸ਼ਤ ਕਰਨ ਮੌਕੇ ਕਦੇ ਵੀ ਡਾਇਆ ਖਾਦ ਦੀ ਵਰਤੋਂ ਨਹੀਂ ਕੀਤੀ ਅਤੇ ਕਣਕ ਬਾਸਮਤੀ ਦੇ ਫ਼ਸਲੀ ਚੱਕਰ ਵਿੱਚ ਉਹ ਸਿਰਫ਼ ਦੋ ਬੈਗ ਯੂਰੀਆ ਹੀ ਪਾਉਂਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਨਿਕਲਦੀ ਹੈ।
ਸ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ 250 ਬੂਟੇ ਗੁਰੂ ਨਾਨਕ ਜੰਗਲ ਦੇ ਨਾਮ ਤੇ ਲਗਾਏ ਹੋਏ ਹਨ, ਇਸੇ ਤਰ੍ਹਾਂ ਉਹ ਵਾਤਾਵਰਨ ਨੂੰ ਬਚਾਉਣ ਲਈ ਹੋਰ ਵੀ ਅਨੇਕਾਂ ਢੰਗ ਤਰੀਕਿਆਂ ਦੇ ਨਾਲ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਬਲਦੇਵ ਸਿੰਘ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਪਾਏ ਜਾ ਰਹੇ ਇਸ ਯੋਗਦਾਨ ਦੀ ਬਦੌਲਤ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਇੱਕ ਸਨਮਾਨ ਸਮਾਗਮ ਦੇ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਣ ਦੀ ਲੋੜ ਹੈ ਜੋ ਕਈ ਤਰ੍ਹਾਂ ਦੇ ਰੁਝੇਵਿਆਂ ਦੇ ਬਾਵਜੂਦ ਵਾਤਾਵਰਨ ਪੱਖੀ ਲਾਹੇਵੰਦ ਖੇਤੀ ਕਰ ਰਹੇ ਹਨ।
