ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਰਾਵੀ ਪਾਰ ਕਰਨ ਤੋਂ ਰੋਕਿਆ ਗਿਆ, ਹੋਈ ਤਿੱਖੀ ਬਹਿਸ
ਗੁਰਦਾਸਪੁਰ/ਅੰਮ੍ਰਿਤਸਰ, 15 ਅਗਸਤ 2025 (ਮਨਨ ਸੈਣੀ)। ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਡੇਰਾ ਬਾਬਾ ਨਾਨਕ ਦਾ ਨਿਰੀਖਣ ਕਰਨ ਤੋਂ ਬਾਅਦ, ਉਹ ਦੀਨਾ ਨਗਰ ਦੇ ਮਕੌੜਾ ਪੱਤਣ ਵਿਖੇ ਰਾਵੀ ਦਰਿਆ ਦੇ ਕਿਨਾਰੇ ਪਹੁੰਚੇ। ਇੱਥੋਂ ਉਹ ਦਰਿਆ ਪਾਰ ਸਥਿਤ ਸੱਤ ਪਿੰਡਾਂ ਵਿੱਚ ਜਾਣਾ ਚਾਹੁੰਦੇ ਸਨ, ਪਰ ਸੁਰੱਖਿਆ ਅਤੇ ਤੇਜ਼ ਪਾਣੀ ਦੇ ਬਹਾਅ ਦਾ ਹਵਾਲਾ ਦੇ ਕੇ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ।

ਜਿਸ ਤੇ ਰਾਹੁਲ ਗਾਂਧੀ ਨੇ ਅਧਿਕਾਰੀਆਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਦਰਿਆ ਦਾ ਵਹਾਅ ਏਨਾ ਖ਼ਤਰਨਾਕ ਨਹੀਂ ਜਾਪਦਾ ਕਿ ਉਨ੍ਹਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਰਾਵੀ ਪਾਰ ਦੇ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਚਾਹੁੰਦੇ ਹਨ, ਪਰ ਪ੍ਰਸ਼ਾਸਨ ਰੋਕ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਜੇ ਪ੍ਰਸ਼ਾਸਨ ਮਨ੍ਹਾ ਕਰ ਰਿਹਾ ਹੈ ਤਾਂ ਇਸ ਨੂੰ ਲਿਖਤੀ ਰੂਪ ਵਿੱਚ ਦੇਣਾ ਚਾਹੀਦਾ ਹੈ। ਚੰਨੀ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮਿਲਣ ਤੋਂ ਰੋਕਣਾ ਬਹੁਤ ਮੰਦਭਾਗਾ ਅਤੇ ਗਲਤ ਹੈ।
ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੈਸਲੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ ਪਾਕਿਸਤਾਨ ਸਰਹੱਦ ਚੌਕੀ ਤੱਕ ਬਿਨਾਂ ਰੋਕ-ਟੋਕ ਜਾ ਚੁੱਕੇ ਹਨ, ਪਰ ਹੁਣ ਇੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਸਰਕਾਰ ਦੇ ਮਾੜੇ ਪ੍ਰਸ਼ਾਸਨ ਅਤੇ ਗੈਰ-ਕਾਨੂੰਨੀ ਮਾਈਨਿੰਗ ਕਾਰਨ ਸੂਬੇ ਵਿੱਚ ਹੜ੍ਹ ਆਉਣ ਦਾ ਦੋਸ਼ ਲਾਇਆ। ਨਾਲ ਹੀ ਉਨ੍ਹਾਂ ਰਣਜੀਤ ਸਾਗਰ ਅਤੇ ਬਸੰਤਰ ਡੈਮ ਤੋਂ ਅਚਾਨਕ ਛੱਡੇ ਗਏ ਪਾਣੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਇੱਕ “ਸ਼ਰਮਨਾਕ ਅਤੇ ਗੈਰ-ਸੰਵੇਦਨਸ਼ੀਲ” ਕਦਮ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਇੱਕ ਸਿਆਸੀ ਫ਼ੈਸਲਾ ਸੀ ਤਾਂ ਜੋ ਸਰਕਾਰ ਆਪਣੀ ਜਵਾਬਦੇਹੀ ਤੋਂ ਬਚ ਸਕੇ।
ਰਾਵੀ ਦਰਿਆ ਦੇ ਕੰਢੇ ਰਾਹੁਲ ਗਾਂਧੀ ਹੋਏ ਭਾਵੁਕ
ਇਸ ਤੋਂ ਪਹਿਲ੍ਹਾਂ ਰਾਹੁਲ ਗਾਂਧੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਪਿੰਡ ਧਰਮਕੋਟ ਪੱਤਣ ਪਹੁੰਚੇ ਅਤੇ ਰਾਵੀ ਦਰਿਆ ਤੋਂ ਪ੍ਰਭਾਵਿਤ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੀੜਤਾਂ ਦੇ ਮੋਬਾਈਲ ਫੋਨ ‘ਤੇ ਉਨ੍ਹਾਂ ਦੀ ਤਬਾਹੀ ਦੇ ਵੀਡੀਓ ਦੇਖ ਕੇ ਉਹ ਭਾਵੁਕ ਹੋ ਗਏ। ਪਿੰਡ ਘਨੀਆਂ ਦੇ ਬੇਟ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਦਰਿਆ ਦੇ ਪਾਣੀ, ਯੁੱਧ ਅਤੇ ਅੱਤਵਾਦੀ ਘਟਨਾਵਾਂ ਕਾਰਨ ਸਰਹੱਦੀ ਖੇਤਰ ਦਾ ਜੀਵਨ ਹਮੇਸ਼ਾ ਮੁਸ਼ਕਲਾਂ ਵਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੇ ਨਾਲ-ਨਾਲ ਕਈ ਪਸ਼ੂ ਵੀ ਮਰ ਗਏ।
ਇਹ ਜਾਣਕਾਰੀ ਸੁਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਸ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ, ਤਾਂ ਜੋ ਕਿਸਾਨਾਂ ਦੀ ਆਵਾਜ਼ ਸੰਸਦ ਵਿੱਚ ਉਠਾਈ ਜਾ ਸਕੇ। ਪਿੰਡ ਗੁਰਚੱਕ ਦੇ ਕਿਸਾਨ ਪਵਿੱਤਰ ਸਿੰਘ ਨੇ ਯਾਦ ਕਰਵਾਇਆ ਕਿ ਇਸ ਵਾਰ ਆਈ ਤਬਾਹੀ 1988 ਵਰਗੀ ਹੀ ਭਿਆਨਕ ਹੈ।
ਇਸੇ ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਦੀ 700 ਏਕੜ ਤੋਂ ਵੱਧ ਜ਼ਮੀਨ ਵਿੱਚੋਂ ਸਿਰਫ਼ 20-25 ਏਕੜ ਹੀ ਬਚੀ ਹੈ, ਬਾਕੀ ਜ਼ਮੀਨ ‘ਤੇ ਪਾਣੀ ਅਤੇ ਰੇਤ ਨੇ ਖੇਤੀ ਨੂੰ ਲਗਭਗ ਅਸੰਭਵ ਬਣਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤਾਂ ਤੋਂ ਰੇਤ ਚੁੱਕਣ ਦੀ ਸਮਾਂ ਸੀਮਾ ਵਧਾਈ ਜਾਵੇ, ਕਿਉਂਕਿ ਖੇਤਾਂ ਦਾ ਪਾਣੀ ਅਜੇ ਸੁੱਕਿਆ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਵੀ ਮੰਗ ਕੀਤੀ।
ਅੰਮ੍ਰਿਤਸਰ ਦਾ ਦੌਰਾ ਅਤੇ ਮੰਦਰ ਵਿੱਚ ਮੱਥਾ ਟੇਕਣਾ
ਰਾਹੁਲ ਗਾਂਧੀ ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਦੇ ਪਿੰਡ ਘੋਨੇਵਾਲ ਪਹੁੰਚੇ, ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ। ਇੱਥੇ ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਰਾਮਦਾਸ ਵਿਖੇ ਮੱਥਾ ਟੇਕਿਆ।
ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਹਰ ਸਮੱਸਿਆ ਨੂੰ ਸੰਸਦ ਵਿੱਚ ਉਠਾਉਣਗੇ ਅਤੇ ਉਨ੍ਹਾਂ ਦੀ ਲੜਾਈ ਮਜ਼ਬੂਤੀ ਨਾਲ ਲੜਨਗੇ।