ਹਰਸਿਮਰਤ ਕੌਰ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਦਰਤੀ ਆਫਤ ਫੰਡ ਦੇ ਮਾਮਲੇ ’ਤੇ ਕੇਂਦਰ ਅਤੇ ਰਾਜ ਸਰਕਾਰ ਵਿਚਕਾਰ ਟਕਰਾਅ ਦਾ ਖਮਿਆਜ਼ਾ ਪੰਜਾਬੀ ਨਾ ਭੁਗਤਣ, ਤੁਰੰਤ 12,000 ਕਰੋੜ ਰੁਪਏ ਜਾਰੀ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 10 ਸਤੰਬਰ 2025 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕੋਲ ਪਏ ਕੁਦਰਤੀ ਆਫਤ ਫੰਡ ਦੇ 12,000 ਕਰੋੜ ਰੁਪਏ ਦੀ ਦੁਰਵਰਤੋਂ ਦੀ ਕੇਂਦਰੀ ਜਾਂਚ ਕਰਵਾਈ ਜਾਵੇ ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਕੋਲ ਅਜਿਹਾ ਕੋਈ ਪੈਸਾ ਹੀ ਨਹੀਂ ਪਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ 12,000 ਕਰੋੜ ਰੁਪਏ ਜਿਸਦਾ ਜ਼ਿਕਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੌਰੇ ਵੇਲੇ ਵੀ ਕੀਤਾ, ਉਹ ਕਿਥੇ ਹਨ। ਉਹਨਾਂ ਕਿਹਾ ਕਿ ਇਹ ਪੈਸਾ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਤੇਜ਼ ਰਫਤਾਰ ਸਹਾਇਤਾ ਵਾਸਤੇ ਵਰਤਿਆ ਜਾਣਾ ਚਾਹੀਦਾ ਸੀ ਹੁਣ ਸੂਬਾ ਦਾਅਵਾ ਕਰ ਰਿਹਾ ਹੈ ਕਿ ਉਸ ਕੋਲ ਇਹ ਪੈਸਾ ਹੈ ਹੀ ਨਹੀਂ। ਉਹਨਾਂ ਕਿਹਾ ਕਿ ਇਸ ਨਾਲ ਸਮੁੱਚੇ ਹੜ੍ਹ ਰਾਹਤ ਤੇ ਮੁੜ ਵਸੇਬਾ ਕਾਰਜ ਖ਼ਤਰੇ ਵਿਚ ਪੈ ਗਏ ਹਨ। ਉਹਨਾਂ ਕਿਹਾ ਕਿ ਇਕ ਜਾਂਚ ਜ਼ਰੂਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਕੁਦਰਤੀ ਆਫਤ ਐਕਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ ਅਤੇ ਕੀ ਇਹ ਪੈਸਾ ਆਪ ਸਰਕਾਰ ਨੇ ਦੁਰਵਰਤੋਂ ਕਰ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਖਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਵਿੱਤ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਸਾਬਤ ਕਰਨ ਕਿ ਸੂਬੇ ਕੋਲ ਪੈਸਾ ਨਹੀਂ ਹੈ ਕਿਉਂਕਿ ਨਿਯਮਾਂ ਮੁਤਾਬਕ ਕੁਦਰਤੀ ਆਫਤ ਫੰਡ ਇਕ ਨਿਰੰਤਰ ਚੱਲਣ ਵਾਲਾ ਫੰਡ ਹੈ ਜਿਸ ਸਦਕਾ ਸੂਬੇ ਇਸਨੂੰ ਜਦੋਂ ਲੋੜ ਹੋਵੇ ਵਰਤ ਸਕਦੇ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ ’ਤੇ ਕੇਂਦਰ ਅਤੇ ਰਾਜ ਸਰਕਾਰ ਵਿਚਾਲੇ ਟਕਰਾਅ ਦਾ ਖਮਿਆਜ਼ਾ ਪੰਜਾਬੀਆਂ ਨੂੰ ਨਹੀਂ ਭੁਗਤਣਾ ਚਾਹੀਦਾ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਮੁਆਵਜ਼ੇ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਸਾਰੇ 12,000 ਕਰੋੜ ਰੁਪਏ ਹੜ੍ਹ ਰਾਹਤ ਤੇ ਮੁੜ ਵਸੇਬੇ ਦੇ ਕਾਰਜਾਂ ਵਿਚ ਵਰਤੇ ਜਾਣੇ ਚਾਹੀਦੇ ਹਨ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ। ਉਹਨਾਂ ਕਿਹਾ ਕਿ ਇਕ ਵੱਖਰੀ ਜਾਂਚ ਕਰ ਕੇ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀ ਰਾਜ ਸਰਕਾਰ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ।
ਇਸ ਦੌਰਾਨ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਕਿ ਰਣਜੀਤ ਸਾਗਰ ਡੈਮ ਦੀ ਮੈਨੇਜਮੈਂਟ ਦੇ ਖਿਲਾਫ ਵੱਖਰੀ ਜਾਂਚ ਕੀਤੀ ਜਾਵੇ ਜਿਸਦਾ ਕੰਟਰੋਲ ਰਾਜ ਸਰਕਾਰ ਕੋਲ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਕੈਚਮੈਂਟ ਇਲਾਕਿਆਂ ਵਿਚ ਭਾਰਤੀ ਬਰਸਾਤ ਦੀ ਅਗਾਊਂ ਚੇਤਾਵਨੀ ਦੇ ਬਾਵਜੂਦ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਦਿੱਤਾ ਗਿਆ ਤੇ ਫਿਰ ਇਸਨੂੰ ਛੱਡ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ। ਉਹਨਾਂ ਕਿਹਾ ਕਿ ਇਹ ਅਪਰਾਧਿਕ ਅਣਗਹਿਲੀ ਹੈ ਅਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਮਾਧੋਪੁਰ ਹੈਡਵਰਕਸ ਦੇ ਗੇਟ ਮਜ਼ਬੂਤ ਕਰਨ ਵਿਚ ਨਾਕਾਮ ਰਹੀ ਜਿਹਨਾਂ ਵਿਚੋਂ ਇਕ ਗੇਟ ਟੁੱਟ ਗਿਆ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ।
ਸਰਦਾਰਨੀ ਬਾਦਲ ਨੇ ਆਪ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿਚ ਹੜ੍ਹ ਰੋਕਥਾਮ ਵਾਸਤੇ ਮੀਟਿੰਗਾਂ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਉਹ ਆਪਣਾ ਫਰਜ਼ ਨਿਭਾਉਣ ਵਿਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਿਉਂਕਿ ਬੰਨਾਂ ਦੀ ਮਜ਼ਬੂਤੀ ਅਤੇ ਨਾਨਿਆਂ ਦੀ ਸਫਾਈ ਸਮੇਤ ਹੜ੍ਹ ਰੋਕੂ ਕੰਮ ਹੋਏ ਹੀ ਨਹੀਂ ਜਿਸ ਕਾਰਨ ਬੰਨ ਟੁੱਟੇ ਅਤੇ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਵਿਚ ਡੁੱਬ ਗਈ।
