ਬਾਜਵਾ ਨੇ ਇੰਪਰੂਵਮੈਂਟ ਟਰੱਸਟ ਫ਼ੰਡਾਂ ਦੀ ਦੁਰਵਰਤੋਂ  ਲਈ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ

ਚੰਡੀਗੜ੍ਹ, 10 ਸਤੰਬਰ 2025 (ਦੀ ਪੰਜਾਬ ਵਾਇਰ)—  ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਪਸ਼ਟ ਆਲੋਚਨਾ ਕੀਤੀ ਹੈ ਕਿ ਉਹ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਜਾਇਦਾਦ ਦੇ ਨਿਪਟਾਰੇ ਰਾਹੀਂ ਇੰਪਰੂਵਮੈਂਟ ਟਰੱਸਟਾਂ ਵੱਲੋਂ ਇਕੱਠੇ ਕੀਤੇ ਫ਼ੰਡਾਂ ਦੀ ਦੁਰਵਰਤੋਂ ਕਰਨ ਦੀ ਆਗਿਆ ਦੇ ਰਹੀ ਹੈ।

ਬਾਜਵਾ ਨੇ ਕਿਹਾ ਕਿ ਇਹ ਫ਼ੰਡ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਨ ਨਾ ਕਿ ਸਰਕਾਰ ਦੀਆਂ ਵਿੱਤੀ ਘਾਟਾਂ ਨੂੰ ਪੂਰਾ ਕਰਨ ਲਈ।

ਬਾਜਵਾ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਪੰਜਾਬ ਟਾਊਨ ਇੰਪਰੂਵਮੈਂਟ ਐਕਟ, 1922 ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ ਧਾਰਾ 69ਬੀ ਪੇਸ਼ ਕੀਤੀ ਗਈ ਹੈ। ਇਹ ਨਵੀਂ ਧਾਰਾ ਇੰਪਰੂਵਮੈਂਟ ਟਰੱਸਟਾਂ ਦੁਆਰਾ ਜ਼ਮੀਨ, ਇਮਾਰਤਾਂ ਅਤੇ ਹੋਰ ਜਾਇਦਾਦਾਂ ਦੀ ਵਿੱਕਰੀ ਤੋਂ ਪ੍ਰਾਪਤ ਮਾਲੀਏ ਦੇ ਇੱਕ ਹਿੱਸੇ ਨੂੰ ਮਿਊਸੀਪਲ ਵਿਕਾਸ ਫ਼ੰਡ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦੀ ਹੈ। 

ਬਾਜਵਾ ਨੇ ਕਿਹਾ ਕਿ ਇਹ ਜਨਤਾ ਦੇ ਪੈਸੇ ਦੀ ਦੁਰਵਰਤੋਂ ਹੈ। “ਸੁਧਾਰ ਟਰੱਸਟਾਂ ਦੀ ਸਥਾਪਨਾ ਇੱਕ ਖ਼ਾਸ ਆਦੇਸ਼ ਦੇ ਨਾਲ ਕੀਤੀ ਗਈ ਸੀ – ਸ਼ਹਿਰੀ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ, ਵੱਡੇ ਪੱਧਰ ਤੇ ਜਾਇਦਾਦਾਂ ਦੀ ਵਿੱਕਰੀ ਦੁਆਰਾ ਫ਼ੰਡ ਕੀਤੇ ਗਏ ਸਨ। ਇਹ ਫ਼ੰਡ ਸਰਕਾਰ ਦੇ ਰੁਟੀਨ ਮਿਊਸੀਪਲ ਖ਼ਰਚਿਆ ਵਿੱਚ ਛੇਕ ਭਰਨ ਲਈ ਨਹੀਂ ਹਨ।

ਬਾਜਵਾ ਨੇ ਪਿਛਲੇ ਸਾਢੇ 3 ਸਾਲਾਂ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤੀ ਪ੍ਰਬੰਧਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਹੁਣ ਦੀਵਾਲੀਆਪਨ ਦੇ ਕੰਢੇ ਤੇ ਹੈ। ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਇਹ ਤਬਦੀਲੀ ਸਪਸ਼ਟ ਤੌਰ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਵਿੱਤੀ ਅਯੋਗਤਾ ਨੂੰ ਦਰਸਾਉਂਦੀ ਹੈ। ਬਾਜਵਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਉਹ ਨਕਦੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਲ 2027 ਤੱਕ ਪੰਜਾਬ ਤੇ ਕਰਜ਼ੇ ਦਾ ਬੋਝ 5 ਲੱਖ ਕਰੋੜ ਰੁਪਏ ਨੂੰ ਪਾਰ ਕਰਨ ਦਾ ਅਨੁਮਾਨ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਮਾੜੀ ਵਿੱਤੀ ਯੋਜਨਾਬੰਦੀ ਅਤੇ ਕੁਪ੍ਰਬੰਧਨ ਦਾ ਸਿੱਧਾ ਨਤੀਜਾ ਹੈ। ਬਾਜਵਾ ਨੇ ਸਥਾਨਕ ਸੰਸਥਾਵਾਂ ਲਈ ਸੂਬੇ ਦੇ ਬਜਟ ਵਿੱਚ ਪਹਿਲਾਂ ਹੀ ਅਲਾਟ ਕੀਤੇ ਫ਼ੰਡਾਂ ਦੀ ਸਥਿਤੀ ਤੇ ਵੀ ਸਵਾਲ ਉਠਾਇਆ। “ਉਹ ਪੈਸਾ ਕਿੱਥੇ ਗਿਆ? ਇੰਪਰੂਵਮੈਂਟ ਟਰੱਸਟਾਂ ਤੇ ਧਾਵਾ ਬੋਲਣ ਦੀ ਲੋੜ ਕਿਉਂ ਹੈ?

ਬਾਜਵਾ ਨੇ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਸਰਕਾਰ ਪਹਿਲਾਂ ਹੀ ਆਪਣੀਆਂ ਥੋੜ੍ਹੇ ਸਮੇਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗਾਂ ਤੋਂ ਸੈਂਕੜੇ ਕਰੋੜ ਰੁਪਏ ਟਰਾਂਸਫਰ ਕਰ ਚੁੱਕੀ ਹੈ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਬਾਜਵਾ ਨੇ ਕਿਹਾ, “ਕੇਜਰੀਵਾਲ ਅਕਸਰ ਇਨਕਮ ਟੈਕਸ ਦੇ ਸਹਾਇਕ ਕਮਿਸ਼ਨਰ ਵਜੋਂ ਆਪਣੀ ਭੂਮਿਕਾ ਕਾਰਨ ਅਕਸਰ ਵਿੱਤੀ ਮਾਹਿਰ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਰੋਕ ਕੇ ਸਾਲਾਨਾ 34,000 ਕਰੋੜ ਰੁਪਏ ਅਤੇ ਮਾਈਨਿੰਗ ਤੋਂ 20,000 ਕਰੋੜ ਰੁਪਏ ਇਕੱਠੇ ਕਰਨ ਦੀ ਸ਼ੇਖ਼ੀ ਮਾਰੀ। ਇਹ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ। ਉਸ ਦੀ ਅਖੌਤੀ ਵਿੱਤੀ ਮੁਹਾਰਤ ਹੁਣ ਗੰਭੀਰ ਪ੍ਰਸ਼ਨ ਵਿੱਚ ਹੈ।

Exit mobile version