ਪੰਜਾਬ ਲਈ ਵਿੱਤੀ ਸਹਾਇਤਾ ਵਿਚ ਵਾਧਾ ਕੀਤਾ ਜਾਵੇ, ਹੜ੍ਹ ਪ੍ਰਭਾਵਤ ਇਲਾਕਿਆਂ ਵਾਸਤੇ ਕਰਜ਼ਾ ਮੁਆਫੀ ’ਤੇ ਵਿਚਾਰ ਕੀਤਾ ਜਾਵੇ: ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਹੈਰਾਨੀ ਪ੍ਰਗਟ ਕੀਤੀ ਕਿ ਆਪ ਸਰਕਾਰ ਇਸ ਕੋਲ ਪਏ ਕੁਦਰਤੀ ਆਫਤ ਰਾਹਤ ਫੰਡ ਦੇ 12000 ਕਰੋੜ ਰੁਪਏ ਜਾਰੀ ਕਰਨ ਵਿਚ ਨਾਕਾਮ ਰਹੀ ਜਿਸ ਨਾਲ ਲੱਖਾਂ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਸਮੇਂ ਸਿਰ ਮਦਦ ਕੀਤੀ ਜਾ ਸਕਦੀ ਸੀ

ਸੂਬੇ ਵੱਲੋਂ ਐਲਾਨੇ ਮੁਆਵਜ਼ੇ ਵਿਚੋਂ ਖੇਤ ਮਜ਼ਦੂਰਾਂ ਨੂੰ ਬਾਹਰ ਕੀਤੇ ਜਾਣ ਦੀ ਕੀਤੀ ਨਿਖੇਧੀ

ਪੱਟੀ, ਖੇਮਕਰਨ ਅਤੇ ਜ਼ੀਰਾ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ, 20 ਲੱਖ ਰੁਪਏ ਨਗਦ ਅਤੇ 30 ਹਜ਼ਾਰ ਡੀਜ਼ਲ ਕਿਸਾਨਾਂ ਨੂੰ ਵੰਡਿਆ

ਤਰਨ ਤਾਰਨ/ ਜ਼ੀਰਾ  9 ਸਤੰਬਰ 2025 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਅੱਜ ਗੁਰਦਾਸਪੁਰ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੌਰੇ ਦੌਰਾਨ ਐਲਾਨ ਕੀਤੇ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵਿਚ ਵਾਧਾ ਕਰਨ ਅਤੇ ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਕੋਲ ਪਏ ਕੁਦਰਤੀ ਆਫਤ ਰਾਹਤ ਫੰਡ ਦੇ 12000 ਕਰੋੜ ਰੁਪਏ ਵਿਚੋਂ ਇਕ ਰੁਪਿਆ ਵੀ ਖਰਚ ਨਹੀਂ ਕੀਤਾ ਜਿਸ ਨਾਲ ਲੱਖਾਂ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਸਮੇਂ ਸਿਰ ਮਦਦ ਕੀਤੀ ਜਾ ਸਕਦੀ ਸੀ।

ਅਕਾਲੀ ਦਲ ਦੇ ਪ੍ਰਧਾਨ, ਨੇ ਇਸ ਮਾਮਲੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹੜ੍ਹਾਂ ਨਾਲ ਹੋਏ ਫਸਲਾਂ ਅਤੇ ਹੋਰ ਨੁਕਸਾਨ ਦੀ ਵਿਸ਼ਾਲਤਾ ਨੂੰ ਵੇਖਦਿਆਂ ਪੰਜਾਬ ਲਈ ਸਹਾਇਤਾ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਤ ਇਲਾਕਿਆਂ ਵਾਸਤੇ ਇਕ ਵਾਰ ਦੀ ਕਰਜ਼ਾ ਮੁਆਫੀ ਤੇ ਵਿਚਾਰ ਕਰਨ ਅਤੇ ਕਿਹਾ ਕਿ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ ਸਿਰ ਹੋਣ ਵਾਲੇ ਦੋ ਤੋਂ ਤਿੰਨ ਸਾਲ ਲੱਗ ਜਾਣਗੇ ਅਤੇ ਉਹਨਾਂ ਨੂੰ ਇਸ ਵਾਸਤੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੇ ਆਪ ਸਰਕਾਰ ਅਤੇ ਇਸ ਵੱਲੋਂ ਰਾਹਤ ਤੇ ਮੁੜ ਵਸੇਬੇ ਵਾਸਤੇ ਕੁਦਰਤੀ ਰਾਹਤ ਫੰਡ ਦੇ 12,000 ਕਰੋੜ ਰੁਪਏ ਵਿਚੋਂ ਕੋਈ ਵੀ ਪੈਸਾ ਜਾਰੀ ਕਰਨ ਵਿਚ ਨਾਕਾਮੀ ਨੂੰ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਪਿਛਲੇ 20 ਦਿਨਾਂ ਤੋਂ ਹੜ੍ਹਾਂ ਦੀ ਮਾਰ ਹੇਠ ਹੈ। ਲੱਖਾਂ ਏਕੜ ਜ਼ਮੀਨ ਵਿਚ ਫਸਲਾਂ ਡੁੱਬੀਆਂ ਹੋਈਆਂ ਹਨ। ਹਜ਼ਾਰਾਂ ਘਰਾਂ ਦਾ ਨੁਕਸਾਨ ਹੋਇਆ ਹੈ ਤੇ ਹੜ੍ਹਾਂ ਦੇ ਪਾਣੀਆਂ ਵਿਚ ਹਜ਼ਾਰਾਂ ਪਸ਼ੂ ਰੁੜ ਗਏ ਹਨ। ਉਹਨਾਂ ਕਿਹਾ ਕਿ ਆਫਤ ਦੀ ਵਿਸ਼ਾਲਤਾ ਦੇ ਬਾਵਜੂਦ ਆਪ ਸਰਕਾਰ ਨੇ ਉਦੋਂ ਕੋਈ ਪੈਸਾ ਜਾਰੀ ਨਹੀਂ ਕੀਤਾ ਜਦੋਂ ਇਸਦੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਇਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੀ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਹੈ ਕਿ ਸੂਬਾ ਸਰਕਾਰ ਕੇਂਦਰ ਕੋਲ ਆਪਣਾ ਪੱਖ ਨਹੀਂ ਰੱਖ ਸਕਿਆ। ਇਸਨੂੰ ਇਸ ਅਪਰਾਧਿਕ ਅਣਗਹਿਲੀ ਲਈ ਲੋਕਾਂ ਨੂੰ ਜਵਾਬ ਦੇਣਾ ਪਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਜ਼ਰੂਰੀ ਦਿਨਾਂ ਵਿਚ ਬੰਨ ਮਜ਼ਬੂਤ ਕਰਨ ਵਾਸਤੇ ਫੰਡ ਰਿਲੀਜ਼ ਕਰਨ ਵਿਚ ਨਾਕਾਮੀ ਕਾਰਨ ਬੰਨ ਟੁੱਟੇ ਤੇ ਹਜ਼ਾਰਾਂ ਏਕੜਾਂ ਵਿਚ ਝੋਨੇ ਦੀ ਫਸਲ ਤਬਾਹ ਹੋਈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ  ਅਤੇ ਇਸ ਕਾਰਨ ਬਹਾਦਰ ਪੰਜਾਬੀ  ਇਸ ਔਖੀ ਘੜੀ ਵੇਲੇ ਇਕ ਦੂਜੇ ਦੀ ਮਦਦ ਵਾਸਤੇ ਨਿਤਰ ਗਏ।

ਆਪ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਐਲਾਨੇ ਮੁਆਵਜ਼ੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫੰਡਾਂ ਦੀ ਵੰਡ ਲਈ ਨੀਤੀ ਜਨਤਕ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਦੀਆਂ ਨੀਤੀਆਂ ਤਹਿਤ ਰਾਜ ਸਰਕਾਰ ਨੇ ਮੁਆਵਜ਼ਾ ਪ੍ਰਤੀ ਕਿਸਾਨ ਕੇਵਲ ਪੰਜ ਏਕੜ ਤੱਕ ਸੀਮਤ ਕਰ ਦਿੱਤਾ ਸੀ। ਉਹਨਾਂ ਮੰਗ ਕੀਤੀ ਕਿ ਰਾਜ ਸਰਕਾਰ ਐਲਾਨ ਕਰੇ ਕਿ ਜਿਹੜੇ ਕਿਸਾਨ ਦਰਿਆਵਾਂ ਦੇ ਕੰਢੇ ਤੇ ਕੱਚੀਆਂਜ਼ਮੀਨਾਂ ਤੇ ਫਸਲਾਂ ਉਗਾਉਂਦੇ ਸਨ, ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਕਿਉਂਕਿ ਪਹਿਲਾਂ 2019 ਅਤੇ 2023 ਵਿਚ ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਟਿਊਬਵੈਲਾਂ, ਬੋਰਵੈਲ, ਮਕਾਨਾਂ, ਪਸ਼ੂ ਧਨ ਅਤੇ ਘਰ ਦੇ ਸਮਾਨ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਰਾਜ ਸਰਕਾਰ ਵੱਲੋਂ ਐਲਾਨੇ ਮੁਆਵਜ਼ੇ ਵਿਚੋਂ ਖੇਤ ਮਜ਼ਦੂਰਾਂਨੂੰ ਬਾਹਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਹੋਏ ਜਾਨੀ ਨੁਕਸਾਨ ਤੋਂ ਇਲਾਵਾ ਸਮਾਜ ਦੇ ਇਸ ਕਮਜ਼ੋਰ ਵਰਗ ਮਜ਼ਦੂਰਾਂ ਦੇ ਹਜ਼ਾਰਾਂ ਘਰ ਨੁਕਸਾਨੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਤਰਜੀਹ ਦੇ ਆਧਾਰ ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਇਸ ਮੌਕੇ ਅੱਜ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ 20 ਲੱਖ ਰੁਪਏ ਨਗਦ ਅਤੇ 30 ਹਜ਼ਾਰ ਲੀਟਰ ਡੀਜ਼ਲ ਪ੍ਰਦਾਨ ਕੀਤਾ।

ਪੱਟੀ ਇਲਾਕੇ ਵਿਚ ਘੜੁਮ, ਕੁੱਤੀਵਾਲਾ, ਸਭਰਾ, ਕੋਟ ਬੁੱਢਾ, ਝੁੱਗੀਆਂ ਪੀਰ ਬਖਸ਼, ਰਾਧਾਲਕੇ, ਰਾਮ ਸਿੰਘ ਵਾਲਾ, ਰਸੂਲਪੁਰ ਤੇ ਮੁੱਠੀਆਂਵਾਲੀ ਦਾ ਦੌਰਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਤੁਹਾਡੇ ਬੰਨ ਖ਼ਤਰੇ ਵਿਚ ਸਨ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੀ ਮਦਦ ਵਿਚ ਨਿੱਤਰੇ ਹਾਂ। ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਡੀਜ਼ਲ ਤੇ ਹੋਰ ਜ਼ਰੂਰੀ ਸਮਾਨ ਪ੍ਰਦਾਨ ਕੀਤਾ। ਹੁਣ ਅਸੀਂ ਤੁਹਾਡੇ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਾਂਗੇ। ਉਹਨਾਂ ਕਿਹਾ ਕਿ ਜੇ ਸੀ ਬੀ ਤੇ ਹੋਰ ਮਸ਼ੀਨਵਰੀ ਦੇ ਨਾਲ ਅਕਾਲੀ ਵਾਲੰਟੀਅਰ ਤੁਹਾਡੇ ਮਦਦ ਵਾਸਤੇ ਪਹੁੰਚਣਗੇ।

ਸਰਦਾਰ ਬਾਦਲ ਜ਼ੀਰਾ ਪਹੁੰਚੇ ਜਿਥੇ ਰਾਜੀ ਸਭਰਾ, ਫੱਤੇਵਾਲ, ਰੁਕਨੇਵਾਲ ਅਤੇ ਖਾਨਨ ਬੰਨ ਤੇ ਲੋਕਾਂ ਨੇ ਕਿਸਾਨ ਅਤੇ ਕਿਸਾਨੀ ਦੀ ਸਰਕਾਰ ਮੁੜ ਆਵੇਗੀਦੇ ਨਾਅਰੇ ਵੀ ਲਗਾਏ। ਇਥੇ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਅਗਲੀ ਕਣਕ ਦੀ ਫਸਲ ਬੀਜਣ ਵਿਚ ਤੁਹਾਡੀ ਮਦਦ ਕਰਾਂਗੇ। ਉਹਨਾਂ ਕਿਹਾ ਕਿ ਇਸ ਵਾਸਤੇ ਪਾਰਟੀ ਸਾਰੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਇਕ ਲੱਖ ਏਕੜ ਜ਼ਮੀਨ ਵਾਸਤੇ ਕਣਕ ਦੇ ਸਰਟੀਫਾਈਡ ਬੀਜ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 500 ਟਰੱਕ ਮੱਕੀ ਦਾ ਆਚਾਰ ਅਤੇ 500 ਟਰੱਕ ਤੂੜੀ ਵੀ 20 ਸਤੰਬਰ ਮਗਰੋਂ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਵੰਡੀ ਜਾਵੇਗੀ।

ਖੇਮਕਰਨ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੌਰੇ ਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 30 ਹਜ਼ਾਰ ਕੁਇੰਟਲ ਕਣਕ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਵੰਡੀ ਜਾਵੇਗੀ ਅਤੇ ਨਾਲ ਹੀ ਮਲੇਰੀਆ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਵਾਸਤੇ ਫੋਗਿੰਗ ਮਸ਼ੀਨਾਂ ਵੰਡੀਆਂ ਜਾਣਗੀਆਂ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਢੋਟੀਆਂ, ਹਰਪ੍ਰੀਤ ਸਿੰਘ ਹੀਰੋ ਤੇ ਗੌਰਵ ਸਿੰਘ ਵਲਟੋਹਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।

Exit mobile version