ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ

ਗੁਰਦਾਸਪੁਰ, 7 ਸਤੰਬਰ 2025 ( ਮੰਨਨ ਸੈਣੀ)– ਅੱਜ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਭੁਪੇਸ਼ ਬਘੇਲ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਸੰਸਦ ਮੈਂਬਰ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਪੱਤਰਕਾਰ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕਸਭਾ ਗੁਰਦਾਸਪੁਰ ਵਿੱਚ ਹੜ੍ਹਾਂ ਕਾਰਨ ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਹਨ। ਉਨ੍ਹਾਂ ਨੇ ਪੱਤਰਕਾਰਾਂ ਦੇ ਮਾਧਿਅਮ ਰਾਹੀਂ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਪ੍ਰਭਾਵਿਤ ਲੋਕਾਂ ਲਈ ਜਲਦ ਤੋਂ ਜਲਦ ਰਾਹਤ ਪਹੁੰਚਾਈ ਜਾਵੇ, ਤਾਂ ਜੋ ਪੀੜਤ ਪਰਿਵਾਰਾਂ ਨੂੰ ਸਹਾਇਤਾ ਮਿਲ ਸਕੇ।*ਸ਼੍ਰੀ ਭੁਪੇਸ਼ ਬਘੇਲ ਜੀ ਨੇ ਕਿਹਾ ਕਿ “ਇਹ ਸਮਾਂ ਸਿਆਸਤ ਦਾ ਨਹੀਂ, ਸੇਵਾ ਦਾ ਹੈ। ਹੜ੍ਹ ਨਾਲ ਪ੍ਰਭਾਵਿਤ ਪਰਿਵਾਰ ਤੁਰੰਤ ਮਦਦ ਦੇ ਹੱਕਦਾਰ ਹਨ ਅਤੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਿਨਾ ਕਿਸੇ ਦੇਰੀ ਦੇ ਉਨ੍ਹਾਂ ਤੱਕ ਰਾਹਤ ਪਹੁੰਚਾਈ ਜਾਵੇ।” ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਜ਼ੋਰ ਦਿੰਦਿਆਂ ਕਿਹਾ ਕਿ “ਪੰਜਾਬੀ ਹਮੇਸ਼ਾ ਆਪਣੀ ਹਿੰਮਤ ਨਾਲ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ, ਪਰ ਇਸ ਵਾਰ ਹਾਲਾਤ ਗੰਭੀਰ ਹਨ। ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਰੰਤ ਮਦਦ ਦਾ ਐਲਾਨ ਕਰਨਾ ਚਾਹੀਦਾ ਹੈ।” ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਕਿਹਾ‌ ਕਿ ਇਥੇ ਜੋ ਹਾਲਾਤ ਬਣੇ ਹੋਏ ਹਨ, ਉਹ ਬਹੁਤ ਹੀ ਨਾਜ਼ੁਕ ਹਨ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਏ ਅਤੇ ਜਲਦ ਤੋਂ ਜਲਦ ਹੜ੍ਹ ਨਾਲ ਪੈਦਾ ਹੋਏ ਨੁਕਸਾਨ ਦੀ ਭਰਪਾਈ ਲਈ ਫੰਡ ਜਾਰੀ ਕਰੇ। ਖਾਸ ਤੌਰ ‘ਤੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਅਤੇ ਆਉਣ ਵਾਲੇ ਸਮੇਂ ‘ਚ ਹੜ੍ਹਾਂ ਨੂੰ ਰੋਕਣ ਲਈ ਪੱਕੇ ਯਤਨ ਕੀਤੇ ਜਾਣ ਬਹੁਤ ਜ਼ਰੂਰੀ ਹਨ। ਅੰਤ ਵਿੱਚ, ਕਾਂਗਰਸ ਲੀਡਰਸ਼ਿਪ ਨੇ ਦੁਹਰਾਇਆ ਕਿ ਪੀੜਤ ਲੋਕਾਂ ਦੇ ਨਾਲ ਖੜ੍ਹਾ ਰਹਿਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਭਰੋਸਾ ਦਵਾਇਆ ਕਿ ਪੰਜਾਬ ਕਾਂਗਰਸ ਹਮੇਸ਼ਾਂ ਲੋਕਾਂ ਦੇ ਹੱਕਾਂ ਅਤੇ ਰਾਹਤ ਲਈ ਅਵਾਜ਼ ਉਠਾਉਂਦੀ ਰਹੇਗੀ, ਜਦ ਤੱਕ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਕਦਮ ਨਹੀਂ ਚੁੱਕੇ ਜਾਂਦੇ।*

Exit mobile version