ਖਿਡਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਨਵੇਂ ਜੂਡੋ ਮੈਟ ਦੇਣ ਦੀ ਕੀਤੀ ਮੰਗ
ਗੁਰਦਾਸਪੁਰ 6 ਸਤੰਬਰ 2025 (ਮੰਨਨ ਸੈਣੀ)। ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋਏ ਪੰਜਾਬੀਆਂ ਨੂੰ ਹੜ੍ਹਾਂ ਦੀ ਮਾਰ ਨੇ ਕਿਸੇ ਜੋਗਾ ਨਹੀਂ ਛੱਡਿਆ ਹੈ। ਘਰ, ਖੇਤ ਜ਼ਮੀਨਾਂ, ਫਸਲਾਂ ਪਸ਼ੂ ਧਨ ਸਭ ਕੁਝ ਬਰਬਾਦ ਹੋ ਗਿਆ ਹੈ। ਉਥੇ ਇਸ ਦਾ ਅਸਰ ਦੇਸ਼ ਲਈ ਮੈਡਲ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਉੱਤੇ ਵੀ ਪੈਣਾ ਲਾਜ਼ਮੀ ਹੈ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਭਾਰੀ ਮੀਂਹ ਅਤੇ ਹੜ੍ਹਾਂ ਦਾ ਸੰਤਾਪ ਝੱਲਣਾ ਪੈ ਰਿਹਾ ਹੈ। ਪਿਛਲੇ ਦਿਨੀਂ ਗੁਰਦਾਸਪੁਰ ਸ਼ਹਿਰ ਵਿੱਚ ਵਿਚ ਹੋਈ ਭਿਆਨਕ ਬਰਸਾਤ ਕਾਰਨ ਜੂਡੋ ਸੈਂਟਰ ਪਾਣੀ ਨਾਲ ਭਰ ਗਿਆ ਅਤੇ ਲੱਖਾਂ ਰੁਪਏ ਦੇ ਜੂਡੋ ਮੈਟ ਅਤੇ ਖੇਡਾਂ ਦਾ ਸਾਮਾਨ ਖ਼ਰਾਬ ਹੋ ਗਿਆ।ਜਿਸ ਕਰਕੇ ਜੂਡੋ ਸੈਂਟਰ ਨੂੰ ਬੰਦ ਕਰਨਾ ਪਿਆ।
ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2025-26 ਦੇ ਸੈਸ਼ਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਦਾ ਸੁਪਨਾ ਸੰਜੋਏ ਬੈਠੇ ਖਿਡਾਰੀਆਂ ਲਈ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੇ ਸਮਾਨ ਤੁਲਨਾ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਇਹਨਾਂ ਹੜਾਂ ਵਿਚ ਤਬਾਹ ਹੋ ਗਈਆਂ ਹਨ। ਇਸੇ ਤਰ੍ਹਾਂ 45 ਡਿਗਰੀ ਗਰਮੀ ਵਿੱਚ ਖੂਨ ਪਸੀਨਾ ਵਹਾ ਕੇ ਮੈਡਲ ਜਿੱਤਣ ਵਾਲੇ ਖਿਡਾਰੀ ਇਸ ਸਮੇਂ ਬਗੈਰ ਮੈਟਾ ਤੋਂ ਵਿਹਲੇ ਬੈਠੇ ਹਨ। ਕਿਉਂਕਿ ਇਹ ਮੈਟ 13 ਸਾਲ ਪੁਰਾਣੇ ਸਨ। ਪਾਣੀ ਵਿਚ ਡੁੱਬਣ ਕਾਰਨ ਹੁਣ ਇਹ ਪ੍ਰੈਕਟਿਸ ਦੇ ਕਾਬਲ ਨਹੀਂ ਹਨ। ਉਨ੍ਹਾਂ ਦੱਸਿਆ ਕਿ 29 ਸਤੰਬਰ ਤੋਂ ਦਿੱਲੀ ਵਿਖੇ ਸੀਨੀਅਰ ਜੂਡੋ ਖਿਡਾਰੀਆਂ ਲਈ ਰੈਂਕਿੰਗ ਟੁਰਨਾਂਮੈਂਟ ਹੈ।ਜਿਸ ਵਿਚੋਂ ਕਾਮਨਵੈਲਥ ਖੇਡਾਂ 2026, ਏਸ਼ੀਅਨ ਖੇਡਾਂ ਲਈ ਖਿਡਾਰੀਆਂ ਦੀ ਚੋਣ ਹੋਣੀ ਹੈ। ਅਗਲੇ ਮਹੀਨੇ ਆਲ ਇੰਡੀਆ ਪੁਲਿਸ ਖੇਡਾਂ, ਆਲ ਇੰਡੀਆ ਯੂਨੀਵਰਸਿਟੀ ਖੇਡਾਂ, ਜੂਨੀਅਰ ਕੈਡਿਟਸ ਚੈਂਪੀਅਨਸ਼ਿਪ ਹੈ। ਅਤੇ ਕਈ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਇਥੋਂ ਦੇ ਖਿਡਾਰੀਆਂ ਨੇ ਭਾਗ ਲੈਣਾ ਸੀ। ਬਹੁਤ ਸਾਰੇ ਖਿਡਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਖੇਡਣ ਆਉਂਦੇ ਹਨ। ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋਣ ਕਰਕੇ ਵਿੱਤੀ ਸਹਾਇਤਾ ਦੀ ਲੋੜ ਹੈ।
ਖਿਡਾਰੀਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵੱਲੋਂ ਸੈਂਟਰ ਨੂੰ ਨਵੇਂ ਜੂਡੋ ਮੈਟ ਖਰੀਦ ਕੇ ਦੇਣ ਦੇ ਵਾਅਦੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ। ਤਾਂ ਕਿ ਉਹ ਮਿਹਨਤ ਕਰ ਕੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।
