ਚੰਡੀਗੜ੍ਹ, 4 ਸਤੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਹੜ੍ਹਾਂ ਕਾਰਨ ਹੋ ਰਹੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਸੂਬਾ ਸਰਕਾਰ ਵੱਲੋਂ ਜਾਰੀ ਨਵੀਨਤਮ ਮੀਡੀਆ ਬੁਲੇਟਿਨ ਮੁਤਾਬਕ, ਮੌਤਾਂ ਦੀ ਗਿਣਤੀ ਹੁਣ 43 ਹੋ ਚੁੱਕੀ ਹੈ—ਜੋ ਕਿ ਇੱਕ ਦਿਨ ਪਹਿਲਾਂ 37 ਸੀ। ਸਿਰਫ਼ 24 ਘੰਟਿਆਂ ਵਿੱਚ 6 ਹੋਰ ਜਾਨਾਂ ਗਈਆਂ ਹਨ।
ਅਸਲ ਵਿੱਚ, ਇਹ ਹੜ੍ਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਹੜ੍ਹ ਸਾਬਤ ਹੋ ਰਿਹਾ ਹੈ। ਅਧਿਕਾਰੀਆਂ ਮੁਤਾਬਕ, ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੀ ਵੱਧ ਕੇ 3.84 ਲੱਖ ਹੋ ਗਈ ਹੈ, ਜੋ ਇੱਕ ਦਿਨ ਪਹਿਲਾਂ 3.55 ਲੱਖ ਸੀ—ਯਾਨੀ ਸਿਰਫ਼ ਇੱਕ ਦਿਨ ‘ਚ 28 ਹਜ਼ਾਰ 496 ਹੋਰ ਲੋਕ ਇਸ ਤਬਾਹੀ ਦਾ ਸ਼ਿਕਾਰ ਹੋਏ ਹਨ।
ਗੁਰਦਾਸਪੁਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ
ਗੁਰਦਾਸਪੁਰ ਸਭ ਤੋਂ ਜ਼ਿਆਦਾ ਮਾਰਿਆ ਗਿਆ ਜ਼ਿਲ਼ਾ ਹੈ, ਜਿੱਥੇ 1.45 ਲੱਖ ਲੋਕ ਪ੍ਰਭਾਵਿਤ ਹਨ ਅਤੇ 329 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 1.35 ਲੱਖ ਲੋਕ ਪ੍ਰਭਾਵਿਤ ਹਨ, ਜਦਕਿ ਇੱਕ ਦਿਨ ਪਹਿਲਾਂ ਇਹ ਗਿਣਤੀ 1.17 ਲੱਖ ਸੀ। ਇੱਥੇ ਇੱਕ ਹੋਰ ਮੌਤ ਦਰਜ਼ ਕੀਤੀ ਗਈ ਹੈ, ਜਿਸਦੇ ਚਲਦੇ ਹੁਣ ਆਂਕੜ੍ਹਾ 2 ਦਾ ਹੋ ਗਿਆ ਹੈ।
ਮੌਤਾਂ ਦੇ ਮਾਮਲੇ ‘ਚ ਹੋਸ਼ਿਆਰਪੁਰ ਸਭ ਤੋਂ ਅੱਗੇ ਹੈ ਜਿੱਥੇ 7 ਜਾਨਾਂ ਗਈਆਂ ਹਨ, ਇਸ ਤੋਂ ਬਾਅਦ ਪਠਾਨਕੋਟ (6 ਮੌਤਾਂ), ਅੰਮ੍ਰਿਤਸਰ ਅਤੇ ਬਰਨਾਲਾ (5-5 ਮੌਤਾਂ) ਦਾ ਨੰਬਰ ਆਉਂਦਾ ਹੈ।

ਖੇਤੀ ਦਾ ਵਿਆਪਕ ਨੁਕਸਾਨ
ਖੇਤੀ ਖੇਤਰ ਦਾ ਨੁਕਸਾਨ ਚਿੰਤਾਜਨਕ ਹੈ। ਕੁੱਲ 1.71 ਲੱਖ ਹੈਕਟੇਅਰ ਫਸਲੀ ਖੇਤਰ ਹੜ੍ਹਾਂ ਦੀ ਲਪੇਟ ‘ਚ ਆ ਚੁੱਕਾ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਗੁਰਦਾਸਪੁਰ (40,169 ਹੈਕਟੇਅਰ), ਅੰਮ੍ਰਿਤਸਰ (26,701 ਹੈਕਟੇਅਰ), ਕਪੂਰਥਲਾ (17,807 ਹੈਕਟੇਅਰ) ਅਤੇ ਫਾਜ਼ਿਲਕਾ (17,786 ਹੈਕਟੇਅਰ) ਵਿੱਚ ਹੋਇਆ ਹੈ।
ਸਰਕਾਰੀ ਸੂਤਰਾਂ ਮੁਤਾਬਕ, ਪਸ਼ੂਆਂ ਦਾ “ਭਾਰੀ ਨੁਕਸਾਨ” ਹੋਇਆ ਹੈ, ਪਰ ਅਸਲ ਗਿਣਤੀ ਹੜ੍ਹ ਘਟਣ ਤੋਂ ਬਾਅਦ ਹੀ ਪਤਾ ਲੱਗੇਗੀ। ਇਸੇ ਤਰ੍ਹਾਂ ਘਰਾਂ ਅਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਵੀ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ।
ਰਾਹਤ ਕਾਰਜਾਂ ‘ਚ ਤੇਜ਼ੀ
ਸੂਬਾ ਸਰਕਾਰ ਨੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਂਦਿਆਂ 196 ਰਾਹਤ ਕੈਂਪ ਲਗਾਏ ਹਨ, ਜੋ ਇੱਕ ਦਿਨ ਪਹਿਲਾਂ 167 ਸਨ। ਇਹਨਾਂ ਕੈਂਪਾਂ ਵਿੱਚ 6,755 ਲੋਕ ਪਨਾਹ ਲਏ ਹੋਏ ਹਨ।
ਬਚਾਅ ਕਾਰਜਾਂ ਲਈ 31 NDRF ਟੀਮਾਂ, 134 ਨਾਵਾਂ ਅਤੇ 30-35 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਹਵਾਈ ਸੈਨਾ, ਭਾਰਤੀ ਸੈਨਾ ਅਤੇ BSF ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਜੁੱਟੀਆਂ ਹੋਈਆਂ ਹਨ।
ਫਿਲਹਾਲ ਪਠਾਨਕੋਟ ਤੋਂ 3 ਵਿਅਕਤੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।