ਗੁਰਦਾਸਪੁਰ, 04 ਸਤੰਬਰ 2025 (ਮੰਨਨ ਸੈਣੀ )। ਸੀਨੀਅਰ ਆਗੂ ਸ੍ਰੀ ਰਮਨ ਬਹਿਲ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਦੇ ਕਾਰਜ ਲਗਾਤਾਰ ਜਾਰੀ ਹਨ। ਸ੍ਰੀ ਰਮਨ ਬਹਿਲ ਵੱਲੋਂ ਅੱਜ ਪਿੰਡ ਤੁੰਗ ਵਿਖੇ ਸਰਪੰਚ ਜਸਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮਗਰੀ ਵੰਡਣ ਲਈ ਵਿਸ਼ੇਸ਼ ਟਰੱਕ ਰਵਾਨਾ ਕੀਤੇ ਗਏ। ਇਸ ਰਾਹਤ ਸਮਗਰੀ ਵਿੱਚ ਰਾਸ਼ਨ, ਪੀਣ ਵਾਲੇ ਪਾਣੀ ਤੋਂ ਇਲਾਵਾ ਤਰਪਾਲਾਂ, ਮੱਛਰਦਾਨੀਆਂ, ਓਡੋਮੋਸ ਅਤੇ ਘਰੇਲੂ ਜ਼ਰੂਰਤ ਦਾ ਸਮਾਨ ਸ਼ਾਮਲ ਸੀ।
ਇਸ ਮੌਕੇ ਗੱਲ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਹੜ੍ਹਾਂ ਦੀ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਜੰਗੀ ਪੱਧਰ `ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਇਹ ਸੰਕਟ ਏਨ੍ਹਾਂ ਵੱਡਾ ਹੈ ਕਿ ਸਰਕਾਰ ਦੇ ਨਾਲ ਸਾਨੂੰ ਸਾਰਿਆਂ ਨੂੰ ਵੀ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੇ ਸਾਥੀਆਂ ਨਾਲ ਰਾਹਤ ਤੇ ਸੇਵਾ ਦੇ ਕਾਰਜ ਜਾਰੀ ਹਨ ਅਤੇ ਜਿਨ੍ਹਾਂ ਚਿਰ ਲੋਕਾਂ ਦਾ ਜੀਵਨ ਲੀਹੇ ਨਹੀਂ ਆ ਜਾਂਦਾ ਉਨ੍ਹਾਂ ਵੱਲੋਂ ਸੇਵਾ ਦੇ ਇਹ ਕਾਰਜ ਜਾਰੀ ਰਹਿਣਗੇ।
