ਚੰਡੀਗੜ੍ਹ, 29 ਅਗਸਤ 2025 (ਦੀ ਪੰਜਾਬ ਵਾਇਰ)। ਸੂਬੇ ਦੇ ਹੜ੍ਹ ਪੀੜਤਾਂ ਨਾਲ ਇੱਕਜੁੱਟਤਾ ਦਿਖਾਉਂਦਿਆਂ, ਪੰਜਾਬ ਸਿਵਲ ਸਰਵਿਸ (ਈ.ਬੀ.) ਅਫਸਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ । ਇਹ ਫੈਸਲਾ ਸ਼ੁੱਕਰਵਾਰ ਨੂੰ ਹੋਈ ਐਸੋਸੀਏਸ਼ਨ ਦੀ ਇੱਕ ਮੀਟਿੰਗ ਦੌਰਾਨ ਲਿਆ ਗਿਆ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਅਤੇ ਐਸੋਸੀਏਸ਼ਨ ਨੇ ਕੁਝ ਖੇਤਰਾਂ ਵਿੱਚ ਜਾਨ-ਮਾਲ ਦੇ ਭਾਰੀ ਨੁਕਸਾਨ ਕਾਰਨ ਪੈਦਾ ਹੋਏ ਗੰਭੀਰ ਅਤੇ ਚਿੰਤਾਜਨਕ ਹਾਲਾਤਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ । ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਐਸੋਸੀਏਸ਼ਨ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਜ਼ਮੀਨੀ ਪੱਧਰ ‘ਤੇ ਲਗਾਤਾਰ ਕੰਮ ਕਰਨ ਦਾ ਸੰਕਲਪ ਲਿਆ ਹੈ । ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੀਸੀਐਸ (ਈ.ਬੀ.) ਅਫਸਰਜ਼ ਐਸੋਸੀਏਸ਼ਨ ਨੇ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੀ ਅਧਿਕਾਰਤ ਡਿਊਟੀ ਤੋਂ ਇਲਾਵਾ ਪੂਰਾ ਸਮਰਥਨ ਦੇਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ।
ਇੱਕਜੁੱਟਤਾ ਦੇ ਇਸ਼ਾਰੇ ਵਜੋਂ, ਇਹ ਫੈਸਲਾ ਕੀਤਾ ਗਿਆ ਕਿ ਸਾਰੇ ਪੀਸੀਐਸ (ਈ.ਬੀ.) ਅਧਿਕਾਰੀ ਮੁੱਖ ਮੰਤਰੀ ਰਾਹਤ ਫੰਡ, ਪੰਜਾਬ ਲਈ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣਗੇ । ਐਸੋਸੀਏਸ਼ਨ ਨੇ ਪ੍ਰਮਾਤਮਾ ਅੱਗੇ ਪੰਜਾਬ ਦੇ ਲੋਕਾਂ ਅਤੇ ਧਰਤੀ ਦੀ ਸੁਰੱਖਿਆ ਲਈ ਅਰਦਾਸ ਵੀ ਕੀਤੀ, ਅਤੇ ਉਮੀਦ ਪ੍ਰਗਟਾਈ ਕਿ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਤੋਂ ਜਲਦੀ ਆਮ ਜੀਵਨ ਬਹਾਲ ਹੋਵੇ ।
