ਅਰੁਣਾ ਚੌਧਰੀ ਵੱਲੋਂ ਹਡ਼੍ਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ, ਲੋਕਾਂ ਦਾ ਹਾਲਚਾਲ ਜਾਣਿਆਂ

ਦੀਨਾਨਗਰ, 28 ਅਗਸਤ 2025 (ਮੰਨਨ ਸੈਣੀ )। ਹਡ਼੍ਹ ਦੀ ਮਾਰ ਹੇਠ ਆਏ ਹਲਕਾ ਦੀਨਾਨਗਰ ਦੇ ਲਗਪਗ 85 ਪਿੰਡਾਂ ਦੀ ਸਾਰ ਲੈਣ ਲਈ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਵੱਲੋਂ ਟਰੈਕਟਰ ’ਤੇ ਸਵਾਰ ਹੋ ਕੇ ਹਡ਼੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਗਈ। ਇਸ ਦੌਰਾਨ ਅਰੁਣਾ ਚੌਧਰੀ ਅੱਡਾ ਬਹਿਰਾਮਪੁਰ ਤੋਂ ਟਰੈਕਟਰ ’ਤੇ ਬੈਠ ਕੇ ਪਾਣੀ ਵਿੱਚੋਂ ਲੰਘਦੇ ਹੋਏ ਰਾਹਤ ਕਾਰਜ ’ਚ ਜੁੱਟੀ 21 ਰਾਜਪੂਤ ਰੈਜੀਮੈਂਟ ਅਤੇ ਐਨਡੀਆਰਐਫ਼ ਦੀਆਂ ਟੀਮਾਂ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਤਾਜ਼ਾ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੌਕੇ ’ਤੇ ਹੀ ਗਹਿਰੇ ਪਾਣੀ ਵਿੱਚ ਘਿਰੇ ਪਿੰਡ ਨਰੰਗਪੁਰ ਅਤੇ ਆਬਾਦੀ ਚੰਡੀਗਡ਼੍ਹ ਤੋਂ ਰੈਸਕਿਉ ਕਰਕੇ ਲਿਆਂਦੇ ਕੁਝ ਲੋਕਾਂ ਨੂੰ ਵੀ ਵਿਧਾਇਕਾ ਅਰੁਣਾ ਚੌਧਰੀ ਮਿਲੇ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਦਿਆਂ ਪਿੱਛੇ ਰਹਿ ਗਏ ਹੋਰਨਾਂ ਲੋਕਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਿਆਂ। ਇਨ੍ਹਾਂ ਲੋਕਾਂ ਨੇ ਪਿੰਡ ਨਰੰਗਪੁਰ ਵਿੱਚ ਇੱਕ ਬਜ਼ੁਰਗ ਔਰਤ ਦੀ ਸਿਹਤ ਵਿਗਡ਼ਣ ਦੇ ਬਾਵਜੂਦ ਰੈਸਕਿਉ ਟੀਮ ਵੱਲੋਂ ਜਦੋਂ ਉੱਧਰ ਜਾਣ ਤੋਂ ਇਨਕਾਰ ਕਰਨ ਬਾਰੇ ਦੱਸਿਆ ਤਾਂ ਅਰੁਣਾ ਚੌਧਰੀ ਨੇ ਤੁਰੰਤ ਇਸ ਬਾਰੇ ਐਸਡੀਐਮ ਦੀਨਾਨਗਰ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਗੱਲ ਰੈਸਕਿਉ ਟੀਮ ਦੇ ਅਧਿਕਾਰੀ ਨਾਲ ਕਰਵਾਈ ਅਤੇ ਉਨ੍ਹਾਂ ਨੂੰ ਪਿੰਡ ਨਰੰਗਪੁਰ ਵੱਲ ਰਵਾਨਾ ਕੀਤਾ।

ਅਰੁਣਾ ਚੌਧਰੀ ਨੇ ਕਿਹਾ ਕਿ ਮੁਸੀਬਤ ਦੀ ਇਸ ਘਡ਼ੀ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਖਡ਼੍ਹੇ ਹਨ ਅਤੇ ਜੇਕਰ ਕਿਸੇ ਵੀ ਪਿੰਡ ਵਿੱਚੋਂ ਉਨ੍ਹਾਂ ਨੂੰ ਮਦਦ ਲਈ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਹਰ ਸੰਭਵ ਮਦਦ ਲਈ ਤਿਆਰ ਹਨ। ਉਨ੍ਹਾਂ ਹਡ਼੍ਹ ਵਿੱਚ ਫੱਸੇ ਲੋਕਾਂ ਦੀ ਸਹਾਇਤਾ ਕਰ ਰਹੀਆਂ ਸਮਾਜਿਕ ਜਥੇਬੰਦੀਆਂ, 21 ਰਾਜਪੂਤ ਰੈਜੀਮੈਂਟ ਅਤੇ ਐਨਡੀਆਰਐਫ਼ ਦੀਆਂ ਟੀਮਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ।

ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਹਲਕਾ ਦੀਨਾਨਗਰ ਦੇ ਪਿੰਡ ਮਕੌਡ਼ਾ, ਮਰਾਡ਼ਾ, ਆਬਾਦੀ ਚੰਡੀਗਡ਼੍ਹ, ਨਰੰਗਪੁਰ, ਝਬਕਰਾ, ਕਾਹਨਾ, ਜੱਗੋਚੱਕ ਟਾਂਡਾ, ਓਗਰਾ, ਚਿੱਟੀ, ਜੋਗਰ, ਠੱਠੀ, ਫਰੀਦਪੁਰ, ਸ੍ਰੀ ਰਾਮਪੁਰ, ਸੰਦਲਪਰ, ਚੱਕਰੀ, ਚੌਂਤਰਾ, ਗਾਹਲਡ਼ੀ, ਬਾਊਪੁਰ, ਵਜ਼ੀਰਪੁਰ ਅਫ਼ਗਾਨਾ, ਡੁੱਗਰੀ, ਆਦੀ ਅਤੇ ਸ਼ਾਹਪੁਰ ਅਫ਼ਗਾਨਾ ਸਮੇਤ ਵੱਡੀ ਗਿਣਤੀ ਪਿੰਡਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਲੋਕ ਘਰਾਂ ਵਿੱਚ ਪਾਣੀ ਭਰਨ ਕਾਰਨ ਘਰ ਦੀਆਂ ਛੱਤਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ ਹਨ। ਜੋ ਬੇਹੱਦ ਦੁੱਖ ਤੇ ਚਿੰਤਾ ਵਾਲੀ ਗੱਲ ਹੈ ਪਰ ਕੁਦਰਤੀ ਆਪਦਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਹਾਲਾਤਾਂ ਵਿੱਚ ਇੱਕ ਦੂਜੇ ਦੀ ਨੁਕਤਾਚੀਨੀ ਕਰਨ ਅਤੇ ਕਮੀਆਂ ਗਿਣਾਉਣ ਦੀ ਬਜਾਏ ਹਡ਼੍ਹ ਵਿੱਚ ਫੱਸੇ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕਾ ਅਰੁਣਾ ਚੌਧਰੀ ਵਿਦੇਸ਼ ਵਿੱਚ ਵੀ ਹਲਕਾ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਫ਼ੋਨ ਰਾਹੀਂ ਸਮੇਂ ਸਮੇਂ ’ਤੇ ਲੋਡ਼ ਅਨੁਸਾਰ ਸਹਾਇਤ ਦੇਣ ਦੇ ਨਿਰਦੇਸ਼ ਵੀ ਦਿੱਤੇ ਜਾਂਦੇ ਰਹੇ ਹਨ ਅਤੇ ਹਲਕੇ ਵਿੱਚ ਆਉਂਦਿਆਂ ਹੀ ਉਹ ਹਡ਼੍ਹ ਪ੍ਰਭਾਵਿਤ ਲੋਕਾਂ ਵਿੱਚ ਖਡ਼੍ਹੇ ਹਨ। ਉਨ੍ਹਾਂ ਰੈਸਕਿਉ ਟੀਮਾਂ ਨੂੰ ਆਪਣਾ ਮੋਬਾਈਲ ਨੰਬਰ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਲੋਡ਼ ਅਤੇ ਪਰੇਸ਼ਾਨੀ ਆਉਣ ’ਤੇ ਤੁਰੰਤ ਸੰਪਰਕ ਕਰਨ ਲਈ ਕਿਹਾ।

ਇਸ ਮੌਕੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਅਮਰਜੀਤ ਸਿੰਘ ਬਹਿਰਾਮਪੁਰ, ਵਰਿੰਦਰ ਸਿੰਘ ਨੌਸ਼ਹਿਰਾ, ਦਲਬੀਰ ਸਿੰਘ ਬਿੱਟੂ, ਮਨੀਸ਼ ਕਪੂਰ ਗਾਂਧੀਆਂ, ਗੁਰਮੁੱਖ ਸਿੰਘ ਖ਼ਰਲ, ਰੰਮੀ ਠਾਕੁਰ, ਅੰਮ੍ਰਿਤ ਸੰਧੂ, ਜੱਸੀ ਸਿੰਘ ਐਨਜੀਓ, ਸੁਰੇਸ਼ ਬਾਲਾਪਿੰਡੀ, ਕੁਲਦੀਪ ਸਿੰਘ ਮੱਟਮ, ਸਰਪੰਚ ਰਾਜੂ ਮਗਰਾਲਾ, ਵਕੇਸ਼ ਕੁਮਾਰ ਅਤੇ ਜਗਦੀਸ਼ ਸਿੰਘ ਰੰਗਡ਼ਪਿੰਡੀ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

Exit mobile version