ਗੁਰਦਾਸਪੁਰ, 26 ਅਗਸਤ 2025 (ਮੰਨਨ ਸੈਣੀ)। ਬਰਸਾਤ ਦੇ ਮੌਸਮ ਵਿੱਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਇਸ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਲਈ ਜ਼ਰੂਰੀ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧ ਵਿੱਚ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੂਸ਼ਿਤ ਪਾਣੀ ਨਾਲ ਹੈਜ਼ਾ, ਦਸਤ, ਹੈਪੇਟਾਈਟਿਸ ਏ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ, ਖਾਸ ਕਰਕੇ ਬੱਚਿਆਂ ਲਈ ਇਹ ਬਿਮਾਰੀਆਂ ਜ਼ਿਆਦਾ ਖਤਰਨਾਕ ਹਨ।
ਬਿਮਾਰੀਆਂ ਤੋਂ ਬਚਣ ਲਈ ਇਹ ਸਾਵਧਾਨੀਆਂ ਵਰਤੋ:
- ਸੁਰੱਖਿਅਤ ਪਾਣੀ ਪੀਓ: ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਕਰਕੇ ਪੀਓ। ਜੇ ਇਹ ਸੰਭਵ ਨਾ ਹੋਵੇ ਤਾਂ ਸੀਲਬੰਦ ਬੋਤਲਬੰਦ ਪਾਣੀ ਦੀ ਵਰਤੋਂ ਕਰੋ।
- ਸਫਾਈ ਦਾ ਖਿਆਲ ਰੱਖੋ: ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ, ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਧੋਵੋ।
- ਸਵੱਛਤਾ ਬਣਾਈ ਰੱਖੋ: ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖੋ। ਕੂੜਾ ਸਹੀ ਥਾਂ ‘ਤੇ ਸੁੱਟੋ ਅਤੇ ਆਪਣੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਓ। ਸਾਫ਼ ਅਤੇ ਸਵੱਛ ਟਾਇਲਟਾਂ ਦੀ ਵਰਤੋਂ ਕਰੋ।
- ਸਿਹਤਮੰਦ ਖਾਣਾ ਖਾਓ: ਇਸ ਮੌਸਮ ਵਿੱਚ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ ਅਤੇ ਸਿਰਫ਼ ਘਰ ਦਾ ਬਣਿਆ ਤਾਜ਼ਾ ਭੋਜਨ ਹੀ ਖਾਓ।
ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਦਸਤ, ਉਲਟੀਆਂ, ਜਾਂ ਬੁਖਾਰ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਸਿਹਤ ਕੇਂਦਰ ਨਾਲ ਸੰਪਰਕ ਕਰੋ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਦੀ ਪਾਲਣਾ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰਨ।
