ਗੁਰਦਾਸਪੁਰ ਦੇ ਅਨਮੋਲ ਸਮੇਤ ਪਠਾਨਕੋਟ ਦੇ ਦੋ ਸ਼ਰਧਾਲੂਆਂ ਦੀ ਮੌਤ : 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਯਾਤਰਾ ਅਸਥਾਈ ਤੌਰ ‘ਤੇ ਰੋਕੀ
ਗੁਰਦਾਸਪੁਰ, 25 ਅਗਸਤ 2025 (ਮੰਨਨ ਸੈਣੀ)। ਹਿਮਾਚਲ ਪ੍ਰਦੇਸ਼ ਦੇ ਮਣਿਮਹੇਸ਼ ਯਾਤਰਾ ਦੌਰਾਨ ਆਕਸੀਜਨ ਦੀ ਘਾਟ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਦੋ ਪਠਾਨਕੋਟ ਜ਼ਿਲ੍ਹੇ ਨਾਲ ਅਤੇ ਇੱਕ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਹੈ।
ਮ੍ਰਿਤਕਾਂ ਦੀ ਪਛਾਣ ਅਮਨ (18) ਪਠਾਨਕੋਟ, ਰੋਹਿਤ (18) ਸੁਜਾਨਪੁਰ ਪਠਾਨਕੋਟ ਅਤੇ ਅਨਮੋਲ (26) ਪੁੱਤਰ ਪ੍ਰੇਮ ਨਿਵਾਸੀ ਬਾਈਪਾਸ ਗੁਰਦਾਸਪੁਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸ਼ਵਾਂ ਦਾ ਪੋਸਟਮਾਰਟਮ ਭਰਮੌਰ ‘ਚ ਕਰਵਾਇਆ ਜਾਵੇਗਾ। ਗੁਰਦਾਸਪੁਰ ਦਾ ਅਨਮੋਲ ਐਲਆਈਸੀ ਦਾ ਏਜੰਟ ਸੀ, ਲਾਅ ਦੀ ਪੜਾਈ ਕਰ ਰਿਹਾ ਸੀ ਅਤੇ ਇਸ ਦੇ ਪਿਤਾ ਟੇਲਰ ਮਾਸਟਰ ਹਨ। ਜਾਣਕਾਰੀ ਅਨੁਸਾਰ ਅਨਮੋਲ ਦੀ ਸ਼ਾਦੀ ਵੀ ਤਹਿ ਹੋਈ ਸੀ।
ਭਰਮੌਰ ਪ੍ਰਸ਼ਾਸਨ ਮੁਤਾਬਕ, ਅਮਨ ਨੂੰ ਬੀਤੀ ਰਾਤ ਕਮਲ ਕੁੰਡ ਤੋਂ ਰੈਸਕਿਊ ਕੀਤਾ ਗਿਆ ਸੀ ਪਰ ਉਸਦੀ ਮੌਤ ਗੌਰੀ ਕੁੰਡ ਵਿੱਚ ਹੋ ਗਈ। ਰੋਹਿਤ ਦੀ ਮੌਤ ਕੁਗਤੀ ਟਰੈਕ ‘ਤੇ ਹੋਈ ਜਦਕਿ ਅਨਮੋਲ ਨੇ ਅੱਜ ਸਵੇਰੇ ਧੰਚੋ ‘ਚ ਦਮ ਤੋੜਿਆ।
ਐਸ.ਡੀ.ਐਮ. ਭਰਮੌਰ ਕੁਲਬੀਰ ਸਿੰਘ ਰਾਣਾ ਨੇ ਦੱਸਿਆ ਕਿ ਤਿੰਨੋ ਮ੍ਰਿਤਕ ਪੰਜਾਬ ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਯਾਤਰਾ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਟਿਕਣ ਲਈ ਕਿਹਾ ਗਿਆ ਹੈ।
ਦੂਜੇ ਪਾਸੇ, ਭਾਰੀ ਬਾਰਿਸ਼ ਕਾਰਨ ਪਠਾਨਕੋਟ-ਭਰਮੌਰ ਰਾਸ਼ਟਰੀ ਹਾਈਵੇ ਕਈ ਥਾਵਾਂ ‘ਤੇ ਭੂਸਖਲਨ ਕਾਰਨ ਬੰਦ ਪਿਆ ਹੈ। ਇਸ ਨਾਲ ਕਈ ਯਾਤਰੀ ਰਸਤੇ ਵਿੱਚ ਹੀ ਫਸੇ ਹੋਏ ਹਨ।
📌 ਯਾਦ ਰਹੇ ਕਿ ਮਣਿਮਹੇਸ਼ ਯਾਤਰਾ 16 ਅਗਸਤ ਤੋਂ ਸ਼ੁਰੂ ਹੋਈ ਸੀ ਜੋ 31 ਅਗਸਤ ਤੱਕ ਚੱਲਣੀ ਹੈ। ਇਸ ਸਾਲ ਹੁਣ ਤੱਕ ਵੱਖ-ਵੱਖ ਕਾਰਨਾਂ (ਆਕਸੀਜਨ ਦੀ ਘਾਟ, ਪੱਥਰ ਲੱਗਣ ਤੇ ਫਿਸਲਣ) ਕਾਰਨ 14 ਸ਼ਰਧਾਲੂ ਆਪਣੀ ਜਾਨ ਗੁਆ ਬੈਠੇ ਹਨ।
