ਬਟਾਲਾ, 25 ਅਗਸਤ 2025 (ਮੰਨਨ ਸੈਣੀ)। ਪੰਜਾਬ ਪੁਲਿਸ ਨੇ ਬਟਾਲਾ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਬਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮੋਡੀਊਲ ਨੂੰ ਨਾਕਾਮ ਕਰ ਦਿੱਤਾ ਹੈ। ਬਟਾਲਾ ਪੁਲਿਸ ਨੇ ਪਿੰਡ ਬਲਪੁਰਾ ਵਿੱਚੋਂ 4 ਹੈਂਡ ਗ੍ਰਨੇਡ (SPL HGR-84), 2 ਕਿਲੋ ਆਰਡੀਐਕਸ ਅਧਾਰਤ ਆਈਈਡੀ ਅਤੇ ਸੰਚਾਰ ਸਾਧਨ ਬਰਾਮਦ ਕੀਤੇ ਹਨ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਅਤੇ ਸਮੱਗਰੀ ਯੂਕੇ ਅਧਾਰਤ ਬੀਕੇਆਈ ਅੱਤਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ ਦੀਆਂ ਹਦਾਇਤਾਂ ‘ਤੇ ਰੱਖੀ ਗਈ ਸੀ। ਨਿਸ਼ਾਨ ਸਿੰਘ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ, ਜਿਸ ਦੇ ਪਿੱਛੇ ਪਾਕਿਸਤਾਨ ਦੀ ਆਈਐਸਆਈ ਦੀ ਸਮਰਥਨ ਹੈ।
ਇਸ ਕਾਰਵਾਈ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਹੋਰ ਮੁਲਜ਼ਮ ਫਰਾਰ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਜਾਂਚ ਏਜੰਸੀਆਂ ਸਰਹੱਦ ਪਾਰ ਦੀ ਇਸ ਸਾਜ਼ਿਸ਼ ਦੇ ਪੂਰੇ ਨੈਟਵਰਕ ਨੂੰ ਬੇਨਕਾਬ ਕਰਨ ਲਈ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ ਹੈ। ਪੰਜਾਬ ਪੁਲਿਸ ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
