ਕਿਹਾ, ਕੇਂਦਰ ਸਰਕਾਰ ਨੇ ਸਿਰਫ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਈ ਕੇਵਾਈਸੀ ਕਰਨ ਨੂੰ ਕਿਹਾ ਹੈ
ਇਸ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਪਹਿਲਾਂ ਹੀ ਕਰ ਚੁੱਕੇ ਹਨ ਸਥਿਤੀ ਸਪਸ਼ਟ।
ਭਾਰਤੀ ਜਨਤਾ ਪਾਰਟੀ ਦੇ ਜਨ ਜਾਗਰੂਕਤਾ ਕੈਂਪ ਜਾਰੀ ਰਹਿਣਗੇ
ਚੰਡੀਗੜ੍ਹ 24 ਅਗਸਤ 2025 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਵਰਜਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕੋਈ ਰਾਸ਼ਨ ਕਾਰਡ ਨਹੀਂ ਕੱਟਿਆ ਹੈ। ਉਹਨਾਂ ਕਿਹਾ ਕਿ ਇਸ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਪਹਿਲਾਂ ਹੀ ਸਾਰੀ ਸਥਿਤੀ ਸਪਸ਼ਟ ਕਰ ਚੁੱਕੇ ਹਨ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਿਚ ਭਰਮ ਪੈਦਾ ਕਰਕੇ ਰਾਜ ਵਿੱਚ ਤਨਾਅ ਦੀ ਸਥਿਤੀ ਪੈਦਾ ਕਰ ਰਹੇ ਹਨ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਖਿਲਾਫ ਦਮਨਕਾਰੀ ਨੀਤੀ ਅਪਣਾ ਰਹੇ ਹਨ। ਉਨਾਂ ਨੇ ਕਿਹਾ ਕਿ ਆਪ ਸਰਕਾਰ ਇਹ ਯਾਦ ਰੱਖੇ ਕਿ ਉਸ ਦੇ ਇਸ ਪੁਲਸੀਆ ਜਬਰ ਨਾਲ ਭਾਰਤੀ ਜਨਤਾ ਪਾਰਟੀ ਦੀ ਜਨ ਜਾਗਰੂਕਤਾ ਮੁਹਿੰਮ ਨੂੰ ਰੋਕਿਆ ਨਹੀਂ ਜਾ ਸਕਦਾ ਹੈ।
ਸੂਬਾ ਭਾਜਪਾ ਪ੍ਰਧਾਨ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਰਾਸ਼ਨ ਕਾਰਡਾਂ ਸਬੰਧੀ ਈਕੇਵਾਈਸੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕੇਂਦਰ ਸਰਕਾਰ ਸਿਰਫ ਉਕਤ ਦੇ ਮੱਦੇ ਨਜ਼ਰ ਹੀ ਰਾਜਾਂ ਨੂੰ ਈਕੇਵਾਈਸੀ ਕਰਨ ਲਈ ਆਖ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1.41 ਕਰੋੜ ਲੋਕਾਂ ਨੂੰ ਕੌਮੀ ਭੋਜਨ ਸੁਰੱਖਿਆ ਕਾਨੂੰਨ ਦੇ ਤਹਿਤ ਰਾਸ਼ਨ ਮਿਲ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਨੂੰ ਤਿੰਨ ਵਾਰ ਈਕੇਵਾਈਸੀ ਕਰਨ ਦੀ ਮਿਆਦ ਵਿੱਚ ਵਾਧਾ ਵੀ ਦਿੱਤਾ ਗਿਆ ਹੈ।
ਸੁਨੀਲ ਜਾਖੜ ਨੇ ਆਖਿਆ ਕਿ ਰਾਸ਼ਨ ਕਾਰਡ ਲਈ ਕਿਸੇ ਨੂੰ ਸ਼ਾਮਿਲ ਕਰਨ ਜਾਂ ਨਾ ਕਰਨਾ ਰਾਜ ਸਰਕਾਰ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ ਅਤੇ ਇਸ ਵਿੱਚ ਕੇਂਦਰ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ । ਉਹਨਾਂ ਕਿਹਾ ਕਿ ਕੇਂਦਰ ਨੇ ਤਾਂ ਸਿਰਫ ਦੁਬਾਰਾ ਚੈੱਕ ਕਰਨ ਲਈ ਕਿਹਾ ਹੈ ਕਿ ਕੋਈ ਅਯੋਗ ਵਿਅਕਤੀ ਰਾਸ਼ਨ ਨਾ ਲੈ ਰਿਹਾ ਹੋਵੇ ਅਤੇ ਕੋਈ ਯੋਗ ਵਿਅਕਤੀ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਗਿਆ ਹੋਵੇ ਅਤੇ ਜੇਕਰ ਕੋਈ ਵਾਂਝਾ ਹੋਵੇ ਤਾਂ ਉਸਨੂੰ ਸ਼ਾਮਿਲ ਕਰ ਲਿਆ ਜਾਵੇ
ਸੁਨੀਲ ਜਾਖੜ ਨੇ ਕਿਹਾ ਕਿ 1.41 ਕਰੋੜ ਲੋਕ ਜੋ ਰਾਸ਼ਨ ਲੈ ਰਹੇ ਹਨ ਉਹ ਰਾਸ਼ਨ ਮਿਲਦਾ ਰਹੇਗਾ ਅਤੇ ਕੇਂਦਰ ਨੇ ਕਿਸੇ ਦਾ ਨਾਮ ਨਹੀਂ ਹਟਾਇਆ ਹੈ। ਕਿਸੇ ਦਾ ਨਾਮ ਹਟਾਉਣਾ ਜਾਂ ਜੋੜਨਾ ਰਾਜ ਸਰਕਾਰ ਦਾ ਕੰਮ ਹੈ।। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਂ ਲੋੜੀਂਦਾ ਡਾਟਾ ਰਾਜ ਸਰਕਾਰ ਨੂੰ ਈਕੇਵਾਈਸੀ ਦੀ ਮਦਦ ਲਈ ਮੁਹਈਆ ਕਰਵਾਇਆ ਗਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਬੇਬੁਨਿਆਦ ਮਸਲੇ ਨੂੰ ਮੁੱਦਾ ਬਣਾਉਣ ਪਿੱਛੇ ਆਮ ਆਦਮੀ ਪਾਰਟੀ ਦੀ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਭਰਮ ਪੈਦਾ ਕਰਨ ਦੀ ਉਹੀ ਨੀਤੀ ਕੰਮ ਕਰ ਰਹੀ ਹੈ ਜਿਸ ਦੀ ਸਿੱਖਿਆ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪਾਰਟੀ ਦੇ ਆਗੂਆਂ ਨੂੰ ਦਿੱਤੀ ਸੀ ਤਾਂ ਜੋ ਸਮਾਜ ਵਿੱਚ ਅਸੰਤੋਸ਼ ਅਤੇ ਡਰ, ਭਰਮ ਦੀ ਸਥਿਤੀ ਪੈਦਾ ਕੀਤੀ ਜਾ ਸਕੇ।
ਉਹਨਾਂ ਆਖਿਆ ਕਿ ਅੱਜ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਲੋਕਾਂ ਦੇ ਮੁੱਦੇ ਉਠਾ ਰਹੀ ਹੈ ਅਤੇ ਇੱਕ ਸਮਰੱਥ ਵਿਰੋਧੀ ਧਿਰ ਵਜੋਂ ਲੋਕਾਂ ਦੀ ਆਵਾਜ਼ ਬਣ ਰਹੀ ਹੈ ਜਦਕਿ ਬਾਕੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਪਿੱਛੇ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਨਿਜੀ ਹਿਤ ਹਨ ਜਿਸ ਕਾਰਨ ਉਹਨਾਂ ਨੇ ਲੋਕਾਂ ਦੇ ਹਿੱਤ ਵਿਸਾਰ ਦਿੱਤੇ ਹਨ।
