13 ਕਿੱਲੋਮੀਟਰ ਗੁਰਦਾਸਪੁਰ-ਹਰਦੋਛੰਨੀ ਸੜਕ ਉੱਪਰ 8.15 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ
ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਗੁਰਦਾਸਪੁਰ ਨੇ ਵਿਕਾਸ ਪੱਖੋਂ ਵੱਡੀਆਂ ਪੁਲਾਂਘਾਂ ਪੁੱਟੀਆਂ – ਰਮਨ ਬਹਿਲ
ਗੁਰਦਾਸਪੁਰ, 24 ਅਗਸਤ 2025 (ਮੰਨਨ ਸੈਣੀ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਗੁਰਦਾਸਪੁਰ-ਹਰਦੋਛੰਨੀ ਰੋਡ ਦੀ ਪਿੰਡ ਅਲੂਣਾ ਤੱਕ ਮੁਰੰਮਤ ਕਰਨ ਦੇ ਪ੍ਰੋਜੈਕਟ ਨੂੰ ਪਾਸ ਕਰਵਾ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਸਿਖਲਾਈ ਕੇਂਦਰ ਦੇ ਨਜ਼ਦੀਕ ਗੁਰਦਾਸਪੁਰ-ਹਰਦੋਛੰਨੀ ਰੋਡ (ਡਾ. ਨਾਥਾ ਰਾਮ ਦੀ ਦੁਕਾਨ ਤੋਂ ਲੈ ਕੇ ਅਲੂਣਾ ਪਿੰਡ ਤੱਕ) 13 ਕਿੱਲੋਮੀਟਰ ਸੜਕ ਦੀ ਮੁਰੰਮਤ ਦੇ ਪ੍ਰੋਜੈਕਟ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ।
ਸੜਕ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਤੋਂ ਪਿੰਡ ਅਲੂਣਾ ਤੱਕ 13 ਕਿੱਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਉੱਪਰ 8.15 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਤੋਂ ਬਾਈਪਾਸ ਤੱਕ ਇਸ ਸੜਕ ਨੂੰ ਦੋਵਾਂ ਕਿਨਾਰਿਆਂ ਤੋਂ ਢਾਈ-ਢਾਈ ਫੁੱਟ ਚੌੜਾ ਕੀਤਾ ਜਾਵੇਗਾ ਅਤੇ ਇਸ ਦੇ ਬਰਮਾਂ ‘ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ 6 ਮਹੀਨੇ ਵਿੱਚ ਇਸ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਦੀ ਅਗਲੇ 5 ਸਾਲ ਤੱਕ ਇਸ ਸੜਕ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਹੋਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ-ਹਰਦੋਛੰਨੀ ਰੋਡ ਇਲਾਕੇ ਦੀ ਮੁੱਖ ਸੜਕ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਮੁਰੰਮਤ ਹੋਣ ਵਾਲੀ ਸੀ। ਪਿਛਲੀਆਂ ਸਰਕਾਰਾਂ ਨੇ ਇਸ ਸੜਕ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਸੀ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਦੁੱਖ ਤਕਲੀਫ਼ਾਂ ਦੂਰ ਕਰਨ ਵਾਲੀ ਸਰਕਾਰ ਹੈ ਅਤੇ ਉਨ੍ਹਾਂ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੜਕ ਦੀ ਮੁਰੰਮਤ ਲਈ 8.15 ਕਰੋੜ ਰੁਪਏ ਮਨਜ਼ੂਰ ਕਰਵਾਏ। ਉਨ੍ਹਾਂ ਕਿਹਾ ਕਿ ਅੱਜ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ 6 ਮਹੀਨੇ ਵਿੱਚ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਦੇ ਨਾਲ ਹੋਰ ਰਾਹਗੀਰਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਸ੍ਰੀ ਬਹਿਲ ਨੇ ਕਿਹਾ ਕਿ ਉਹ ਲੋਕਾਂ ਦੀ ਭਲਾਈ ਤੇ ਸੇਵਾ ਦੀ ਰਾਜਨੀਤੀ ਕੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਵਿਕਾਸ ਦੀ ਕੋਈ ਕਮੀਂ ਨਾ ਰਹੇ ਇਸ ਲਈ ਉਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਵਿਕਾਸ ਪੱਖੋਂ ਗੁਰਦਾਸਪੁਰ ਨੇ ਵੱਡੀਆਂ ਪੁਲਾਂਘਾਂ ਭਰੀਆਂ ਹਨ ਅਤੇ ਸਿਹਤ ਸੇਵਾਵਾਂ ਦੇ ਨਾਲ ਹਰ ਖੇਤਰ ਵਿੱਚ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਵਿਕਾਸ ਲਈ ਉਨ੍ਹਾਂ ਦੇ ਯਤਨ ਏਵੇਂ ਹੀ ਜਾਰੀ ਰਹਿਣਗੇ।
ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਕਰੀਬ ਬਹਿਲ, ਬਾਵਾ ਬਹਿਲ, ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਜਗਜੀਤ ਸਿੰਘ ਪਿੰਟਾ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਲਵਪ੍ਰੀਤ ਸਿੰਘ, ਗਗਨ ਮਹਾਜਨ, ਇੰਦਰਜੀਤ ਸਿੰਘ ਰਾਣਾ ਸਰਪੰਚ ਬੱਬਰੀ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।
