ਵਿਆਹ ਪੁਰਬ ਸਮਾਗਮਾਂ ਦੇ ਸਬੰਧ ਵਿੱਚ ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸ਼ਹਿਰ ਦੀ ਸਮੁੱਚੀ ਸਾਫ਼-ਸਫਾਈ ਕਰਨ ਸਮੇਤ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੀ ਕੀਤੀ ਹਦਾਇਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨਾਲ ਵੀ ਕੀਤਾ ਵਿਚਾਰ ਵਟਾਂਦਰਾ

ਬਟਾਲਾ, 23 ਅਗਸਤ 2025 (ਮੰਨਨ ਸੈਣੀ )। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮਾਂ ਦੇ ਸਮੁੱਚੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਲਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਪੁਲਿਸ ਲਾਈਨ ਬਟਾਲਾ ਵਿਖੇ ਸਿਵਲ ਕੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨਾਲ ਵੀ ਵਿਆਹ ਪੁਰਬ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਵਿਆਹ ਪੁਰਬ ਸਮਾਗਮਾਂ ਸਬੰਧੀ ਅਧਿਕਾਰੀਆਂ ਨੂੰ ਦੇਸ਼ ਵਿਦੇਸ਼ ਵਿਚੋਂ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨਗਰ ਨਿਗਮ, ਪੀ.ਡਬਲਿਊ.ਡੀ , ਪਾਵਰਕਾਮ, ਸੀਵਰੇਜ਼, ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਿਸ ਪ੍ਰਕਾਰ ਦੀ ਕੋਈ ਢਿੱਲਮੱਠ ਨਾ ਵਰਤੀ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਅਸੀਂ ਸਾਰੇ ਜਾਣੇ ਮਹਾਨ ਵਿਆਹ ਪੁਰਬ ਸਮਾਗਮ ਮਨਾ ਰਹੇ ਹਾਂ। ਇਸ ਲਈ ਸਮੂਹ ਵਿਭਾਗ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੋਈ ਕਮੀਂ ਬਾਕੀ ਨਾ ਰਹਿਣ ਦੇਣ ਅਤੇ ਪੂਰੀ ਤਨਦੇਹੀ ਅਤੇ ਸ਼ਰਧਾ ਭਾਵਨਾ ਨਾਲ ਡਿਊਟੀ ਕਰਨ।

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਸਾਫ-ਸਫ਼ਾਈ ਤੇ ਕੂੜੇ ਦੇ ਢੇਰਾਂ ਨੂੰ ਨਾਲ-ਨਾਲੋ ਚੁੱਕਣ ਦੀ ਹਦਾਇਤ ਕਰਦਿਆਂ ਕਿਹਾ ਕਿ ਰਾਤ ਵੇਲੇ ਵੀ ਸਫ਼ਾਈ ਮੁਹਿੰਮ ਵਿੱਢੀ ਜਾਵੇ। ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਸ਼ਹਿਰ ਅੰਦਰ ਸੀਵਰੇਜ਼ ਚੈੱਕ ਕਰਨ ਅਤੇ ਕੋਈ ਵੀ ਸੀਵਰੇਜ਼ ਬਿਨਾਂ ਢੱਕਣ ਤੋਂ ਨਹੀਂ ਹੋਣਾ ਚਾਹੀਦਾ। ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਥਾਂ ‘ਤੇ ਬਿਜਲੀ ਤਾਰਾਂ ਨੰਗੀਆਂ ਜਾਂ ਢਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਪੀ.ਡਬਲਿਊ.ਡੀ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚਲੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਹਦਾਇਤ ਕੀਤੀ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹੁੱਲੜਬਾਜੀ ਕਰਨ ਵਾਲਿਆਂ ਵਿਰੁੱਧ ਸਖਤੀ ਵਰਤਣ ਲਈ ਕਿਹਾ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਜਸਵੰਤ ਕੌਰ ਐੱਸ.ਪੀ (ਐੱਚ), ਵਿਕਰਜੀਤ ਸਿੰਘ ਪਾਂਥੇ ਐਸ.ਡੀ.ਐਮ, ਸੰਜੀਵ ਕੁਮਾਰ,ਡੀ.ਐਸ.ਪੀ (ਸਿਟੀ), ਨਾਇਬ ਤਹਿਸੀਲਦਾਰ ਨਿਤਿਨ ਸਹੋਤਾ, ਚੇਅਰਮੈਨ ਯਸ਼ਪਾਲ ਚੌਹਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਨਾਮ ਸਿੰਘ ਜੱਸਲ, ਰਜਿੰਦਰ ਸ਼ਰਮਾ ਸਹਾਇਕ ਕਮਿਸ਼ਨਰ ਨਗਰ ਨਿਗਮ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਜਤਿੰਦਰ ਸਿੰਘ, ਗੁਰਦੁਆਰਾ ਸ੍ਰੀ ਸਤਿਕਾਰੀਆਂ ਸਾਹਿਬ ਦੇ ਮੈਨੇਜਰ ਮਨਜੀਤ ਸਿੰਘ, ਐਕਸੀਅਨ ਬਲਦੇਵ ਸਿੰਘ, ਐਕਸੀਅਨ ਜਸਪ੍ਰੀਤ ਸਿੰਘ ਸਿੰਘ, ਐਕਸੀਅਨ ਰੋਹਿਤ ਉੱਪਲ, ਸੁਪਰਡੈਂਟ ਸੁੰਦਰ ਸ਼ਰਮਾ, ਰਾਜਵਿੰਦਰ ਸਿੰਘ ਸਮੇਤ ਅਧਿਕਾਰੀ ਆਦਿ ਮੌਜੂਦ ਸਨ।

Exit mobile version