ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿੱਚ ਗੈਸ ਟੈਂਕਰ ਫਟਣ ਨਾਲ ਵੱਡਾ ਹਾਦਸਾ, ਦੋ ਦੀ ਮੌਤ, 23 ਦੇ ਕਰੀਬ ਜਖ਼ਮੀ

ਹੁਸ਼ਿਆਰਪੁਰ, 23 ਅਗਸਤ 2025 (ਦੀ ਪੰਜਾਬ ਵਾਇਰ)। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ‘ਚ ਬੀਤੀ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਕੁੱਲ 23 ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ।

ਸਿਵਲ ਹਸਪਤਾਲ ਹੁਸ਼ਿਆਰਪੁਰ ਦੇ SMO ਡਾ. ਕੁਲਦੀਪ ਸਿੰਘ ਨੇ ਅੱਜ ਸਵੇਰੇ ਪੁਸ਼ਟੀ ਕੀਤੀ ਕਿ ਹਸਪਤਾਲ ਵਿੱਚ ਕੁੱਲ 23 ਜ਼ਖ਼ਮੀ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ 15 ਨੂੰ ਗੰਭੀਰ ਸੜਨ ਵਾਲੀਆਂ ਚੋਟਾਂ ਕਾਰਨ ਵੱਖ-ਵੱਖ ਖ਼ਾਸ ਹਸਪਤਾਲਾਂ ‘ਚ ਰੈਫਰ ਕੀਤਾ ਗਿਆ ਹੈ। ਇਸ ਵਿੱਚੋਂ 2 ਜ਼ਖ਼ਮੀ ਆਦਮਪੁਰ ਇਲਾਕੇ ਦੇ ਸਨ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰ ਆਪਣੀ ਮਰਜ਼ੀ ਨਾਲ ਆਦਮਪੁਰ ਦੇ ਪ੍ਰਾਈਵੇਟ ਹਸਪਤਾਲ ਲੈ ਗਏ।

ਫਿਲਹਾਲ 7 ਜ਼ਖ਼ਮੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇਲਾਜ ਅਧੀਨ ਹਨ। ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ 2 ਲੋਕਾਂ ਦੀ ਜਾਨ ਗਈ ਹੈ—ਇੱਕ ਨੂੰ ਮ੍ਰਿਤ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਸੀ ਤੇ ਦੂਜਾ ਜ਼ਖ਼ਮੀ, ਜਿਸ ਨੂੰ ਬਾਅਦ ਵਿੱਚ ਪ੍ਰਾਈਵੇਟ ਹਸਪਤਾਲ ਰੈਫਰ ਕੀਤਾ ਗਿਆ, ਉਸ ਨੇ ਉੱਥੇ ਦਮ ਤੋੜ ਦਿੱਤਾ।

ਦੂਜੇ ਪਾਸੇ, ਸਵੇਰੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਅਤੇ ਪਿੰਡ ਵਾਸੀਆਂ ਨੇ ਘਟਨਾ ਵਾਲੀ ਜਗ੍ਹਾ ਨੇੜੇ ਸੜਕ ‘ਤੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਹ ਕਾਫੀ ਸਮੇਂ ਤੋਂ ਇਥੇ ਸਥਿਤ LPG ਬੌਟਲਿੰਗ ਪਲਾਂਟ ਨੂੰ ਦੂਰ ਸ਼ਿਫਟ ਕਰਨ ਦੀ ਮੰਗ ਕਰ ਰਹੇ ਹਨ, ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਗੱਲ ‘ਤੇ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਪਲਾਂਟ ਨੇੜੇ ਆਉਂਦੇ ਟੈਂਕਰ ਅਕਸਰ ਸੜਕਾਂ ਦੇ ਦੋਨੋਂ ਪਾਸੇ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਕਰਕੇ ਇਲਾਕੇ ਦੀ ਵੱਡੀ ਆਬਾਦੀ ਹਰ ਵੇਲੇ ਖ਼ਤਰੇ ਹੇਠ ਰਹਿੰਦੀ ਹੈ।

ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ‘ਤੇ ਦੁੱਖ ਜਤਾਉਂਦਿਆਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਆਰਥਿਕ ਸਹਾਇਤਾ ਤੇ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮਾਰੇ ਗਏ ਲੋਕਾਂ ਦੀਆਂ ਰੂਹਾਂ ਦੀ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦੀ ਤੰਦਰੁਸਤੀ ਲਈ ਅਰਦਾਸ ਵੀ ਕੀਤੀ।

Exit mobile version