ਡੀ.ਆਈ.ਜੀ. ਨਵੀਨ ਸੈਣੀ ਨੇ ਨਸ਼ੇ ਅਤੇ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਪਾਰੀਆਂ ਤੇ ਪੇਸ਼ੇਵਰਾਂ ਦੇ ਸੁਝਾਅ ਲਏ

ਮੀਟਿੰਗ ਕਰਦੇ ਹੋਏ ਡੀਆਈਜੀ, ਐਸਐਸਪੀ

ਗੁਰਦਾਸਪੁਰ, 19 ਅਗਸਤ 2025 (ਮੰਨਨ ਸੈਣੀ )। ਡੀਆਈਜੀ ਸਾਈਬਰ ਕ੍ਰਾਈਮ ਸ੍ਰੀ ਨਵੀਨ ਸੈਣੀ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ, ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

ਵਪਾਰੀਆਂ ਤੋਂ ਸੁਝਾਵ ਮੰਗਦੇ ਹੋਏ ਅਧਿਕਾਰੀ

ਇਸ ਮੌਕੇ ਡੀਆਈਜੀ ਸਾਈਬਰ ਕ੍ਰਾਈਮ ਸ੍ਰੀ ਨਵੀਨ ਸੈਣੀ ਨੇ ਵਪਾਰੀਆਂ ਤੇ ਪੇਸ਼ੇਵਰਾਂ ਕੋਲੋਂ ਨਸ਼ਾ ਅਤੇ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸੁਝਾਅ ਲਏ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਅਪਰਾਧ ਖ਼ਿਲਾਫ਼ ਹੁਣ ਨਿਰਨਾਇਕ ਜੰਗ ਲੜਨ ਦਾ ਸਮਾਂ ਆ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਨਸ਼ੇ ਦੇ ਕੋਹੜ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਲੋਕਾਂ ਦੇ ਸਹਿਯੋਗ ਕਾਰਨ ਹੀ ਸੰਭਵ ਹੋ ਪਾਇਆ ਹੈ ਅਤੇ ਅੱਜ ਦੀ ਬੈਠਕ ਵਿੱਚ ਵੀ ਲੋਕਾਂ ਵੱਲੋਂ ਦਿੱਤੇ ਸੁਝਾਵਾਂ ‘ਤੇ ਕੰਮ ਕੀਤਾ ਜਾਵੇਗਾ। ਗੁਰਦਾਸਪੁਰ ਪੁਲਿਸ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਨਸ਼ਾ ਵਿਰੋਧੀ ਮੁਹਿੰਮ ਦੀ ਰਿਕਵਰੀ ਅਤੇ ਨਸ਼ਾ ਕਾਰੋਬਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਵਾਲੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਗੁਰਦਾਸਪੁਰ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ।

ਡੀ.ਆਈ.ਜੀ ਸ੍ਰੀ ਨਵੀਨ ਸੈਣੀ ਨੇ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ 1 ਮਾਰਚ, 2025 ਨੂੰ ਸ਼ੁਰੂ ਕੀਤੀ ਗਈ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਵਜੋਂ ਰਾਜ ਭਰ ਵਿੱਚ 16705 ਐਫਆਈਆਰਜ਼ ਦਰਜ ਕਰਨ ਤੋਂ ਬਾਅਦ 26085 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1076 ਕਿੱਲੋ ਹੈਰੋਇਨ, 372 ਕਿੱਲੋ ਅਫ਼ੀਮ, 217 ਕੁਇੰਟਲ ਭੁੱਕੀ, 415 ਕਿੱਲੋ ਗਾਂਜਾ, 32.53 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 6 ਕਿੱਲੋ ਆਈਸੀਈ ਅਤੇ 12.38 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ’ਸੇਫ਼ ਪੰਜਾਬ’ ਐਂਟੀ-ਡਰੱਗ ਵਟਸਐਪ ਚੈਟਬੋਟ 97791-00200 ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਤਹਿਤ ਆਮ ਲੋਕਾਂ ਦੇ ਸੁਝਾਵਾਂ ਤੋਂ ਬਾਅਦ 5000 ਤੋਂ ਵੱਧ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।

Exit mobile version