ਭਾਸ਼ਾ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲਿਆਂ ਦਾ ਆਯੋਜਨ

ਭਾਸ਼ਾ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਰੀ ਰਹਿਣਗੇ – ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ

ਗੁਰਦਾਸਪੁਰ, 19 ਅਗਸਤ 2025 (ਮੰਨਨ ਸੈਣੀ )। ਮਾਣਯੋਗ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਕੜੀ ਵਿੱਚ ਹੀ ਵਿਦਿਆਰਥੀਆਂ ਅੰਦਰ ਸਿਰਜਨਾਤਮਕ ਅਤੇ ਸੁਹਜਾਤਮਿਕ ਬਿਰਤੀਆਂ ਪ੍ਰਫੁਲਿਤ ਕਰਨ ਹਿਤ ਵਿਦਿਆਰਥੀਆਂ ਦੇ ਪੰਜਾਬੀ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾਂਦੇ ਹਨ।

ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼੍ਰੀਮਤੀ ਧੰਨ ਦੇਵੀ ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਸਮਾਗਮ ਦੀ ਪ੍ਰਧਾਨਗੀ ਸ਼੍ਰੀਮਤੀ ਸ਼ਿਪਰਾ ਗੁਪਤਾ ਪ੍ਰਿੰਸੀਪਲ ਸ੍ਰੀਮਤੀ ਧੰਨ ਦੇਵੀ ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਨੇ ਕੀਤੀ। ਇਸ ਸਮਾਗਮ ਵਿੱਚ ਬਤੌਰ ਮੰਚ ਸੰਚਾਲਕ ਲੈਕਚਰਾਰ ਗੁਰਮੀਤ ਸਿੰਘ ਭੋਮਾ (ਨੈਸ਼ਨਲ ਅਵਾਰਡੀ) ਪ੍ਰੋਫੈਸਰ ਰਾਜਨੀਤੀ ਸ਼ਾਸਤਰ ਨੇ ਕੀਤੀ।

ਸਮਾਗਮ ਦੀ ਸ਼ੁਰੂਆਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਅਤੇ ਹੁਸ਼ਿਆਰਪੁਰ ਨੇ ਭਾਸ਼ਾ ਵਿਭਾਗ ਦੀ ਕਾਰਜਸ਼ੈਲੀ ਤੇ ਮਨੁੱਖੀ ਜੀਵਨ ਵਿੱਚ ਕੋਮਲ ਕਲਾਵਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਇੱਕ ਵਿਦਿਆਰਥੀ ਦਾ ਜੇਤੂ ਹੋਣਾ ਸੁਭਾਵਿਕ ਹੈ ਪਰ ਤੁਹਾਡਾ ਸਾਰਿਆਂ ਦਾ ਅਜਿਹੇ ਸਮਾਗਮ ਵਿੱਚ ਭਾਗ ਲੈਣਾ ਵੱਧ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਰੀ ਰਹਿਣਗੇ।

ਪੰਜਾਬੀ ਕਵਿਤਾ ਗਾਇਨ ਵਿੱਚ ਮਨਜੋਤ ਕੌਰ, ਨੀਲਮ ਪ੍ਰੀਤ ਕੌਰ ਅਤੇ ਜਗਜੋਤ ਸਿੰਘ, ਕਹਾਣੀ ਰਚਨਾ ਵਿੱਚ ਗੁਰਲੀਨ ਕੌਰ, ਰੌਸ਼ਨੀ, ਜੈਸਮੀਨ, ਕਵਿਤਾ ਰਚਨਾ ਵਿੱਚ ਸੁਨੈਨਾ, ਹਰਨੂਰ ਕੌਰ, ਅਨਮੋਲ, ਲੇਖ ਰਚਨਾ ਵਿੱਚ ਸੰਤੋਸ਼, ਨਰੋਇਸ, ਗੁਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦੀਆਂ ਸੇਵਾਵਾਂ ਰਾਜਵੰਤ ਕੌਰ ਪੰਜਾਬੀ ਅਧਿਆਪਕਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾੜੀ ਬੁੱਚੀਆਂ, ਅਤੇ ਨੀਤਾ ਭਾਟੀਆ ਪੰਜਾਬੀ ਅਧਿਆਪਕਾ ਨੇ ਨਿਭਾਈ।

ਸਕੂਲ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਦੇ ਅਮਲਾ ਸਟਾਫ਼ ਸ੍ਰੀ ਸ਼ਾਮ ਸਿੰਘ ਜੂਨੀਅਰ ਸਹਾਇਕ, ਸ੍ਰੀ ਮਨਦੀਪ ਸਿੰਘ ਸੇਵਾਦਾਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਸ਼ਿਪਰਾ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ।

Exit mobile version