ਗੁਰਦਾਸਪੁਰ ਵਿੱਚ ਸ੍ਰੀ ਜਨਮ ਅਸ਼ਟਮੀ ਮਹੋਤਸਵ ਨੇ ਬਖੇਰੀਆਂ ਰੌਣਕਾਂ
ਗੁਰਦਾਸਪੁਰ, 18 ਅਗਸਤ 2025 (ਮੰਨਨ ਸੈਣੀ)। ਸਨਾਤਨ ਚੇਤਨਾ ਮੰਚ ਵੱਲੋਂ ਸਥਾਨਕ ਕੱਦਾਂ ਵਾਲੀ ਮੰਡੀ ਵਿਖੇ ਕਰਵਾਇਆ ਗਿਆ ਸ੍ਰੀ ਜਨਮ ਅਸ਼ਟਮੀ ਮਹੋਤਸਵ 2025 ਲੋਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡ ਗਿਆ ਹੈ। ਨਗਰ ਵਾਸੀਆਂ ਨੇ ਇਸ ਸਮਾਗਮ ਦੀ ਖੂਬ ਤਾਰੀਫ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਸਨਾਤਨ ਚੇਤਨਾ ਮੰਚ ਸੱਚਮੁੱਚ ਹੀ ਲੋਕਾਂ ਵਿੱਚ ਸਨਾਤਨ ਚੇਤਨਾ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਸਮਾਗਮ ਵਿੱਚ ਛੋਟੇ-ਛੋਟੇ ਬੱਚੇ ਰਾਧਾ-ਕ੍ਰਿਸ਼ਨ ਦੀਆਂ ਵੇਸ-ਭੂਸ਼ਾਵਾਂ ਵਿੱਚ ਸੱਜ ਕੇ ਧਾਰਮਿਕ ਪ੍ਰਸੰਗ ਪੇਸ਼ ਕਰਦੇ ਨਜ਼ਰ ਆਏ। ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਉਨ੍ਹਾਂ ਦੀ ਉਮੀਦ ਤੋਂ ਕਿਤੇ ਵੱਧ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਦਰਜਨਾਂ ਸਕੂਲਾਂ ਤੋਂ ਆਏ ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਸੁੰਦਰ ਕੋਰੀਓਗ੍ਰਾਫੀ ਅਤੇ ਮਨਮੋਹਕ ਨਾਚ ਰਾਹੀਂ ਵਰਣਨ ਕੀਤਾ।

ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਸਮਾਗਮ ਦੀ ਸ਼ੋਭਾ ਵਧਾਈ। ਇਸ ਦੌਰਾਨ ਬੱਚਿਆਂ ਲਈ ਧਾਰਮਿਕ ਕੁਇਜ਼ ਮੁਕਾਬਲੇ, ਰਾਧਾ-ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਪ੍ਰਸੰਗ, ਨਾਚ ਅਤੇ ਭਜਨ ਇਸ ਸਮਾਗਮ ਦੇ ਮੁੱਖ ਆਕਰਸ਼ਣ ਰਹੇ। ਸ਼ਰਧਾਲੂਆਂ ਨੇ ਸ੍ਰੀ ਰਾਧਾ-ਕ੍ਰਿਸ਼ਨ ਦੇ ਰੂਪ ਦਾ ਪੰਚਾਮ੍ਰਿਤ ਅਭਿਸ਼ੇਕ ਵੀ ਕੀਤਾ ਅਤੇ ਲੰਗਰ ਦਾ ਪ੍ਰਬੰਧ ਵੀ ਲਗਾਤਾਰ ਚੱਲਦਾ ਰਿਹਾ।
ਪ੍ਰਧਾਨ ਅਨੂ ਗੰਡੋਤਰਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਨਾਤਨ ਧਰਮ ਨਾਲ ਜੋੜਨ ਦੇ ਉਦੇਸ਼ ਨਾਲ ਅਜਿਹੇ ਧਾਰਮਿਕ ਸਮਾਗਮ ਸਮੇਂ-ਸਮੇਂ ‘ਤੇ ਕਰਵਾਏ ਜਾਂਦੇ ਹਨ, ਤਾਂ ਜੋ ਨੌਜਵਾਨ ਆਪਣੇ ਧਰਮ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਤੇ ਉਨ੍ਹਾਂ ਵਿੱਚ ਦਿਲਚਸਪੀ ਲੈ ਸਕਣ। ਮੁੱਖ ਮਹਿਮਾਨ ਐਸ.ਐਸ.ਪੀ. ਆਦਿੱਤਿਆ ਅਤੇ ਚੇਅਰਮੈਨ ਰਮਨ ਬਹਿਲ ਨੇ ਮੰਚ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸੇਵਾ ਭਾਰਤੀ, ਸ੍ਰੀ ਰਾਮ ਨੌਮੀ ਮਹੋਤਸਵ ਕਮੇਟੀ, ਸਾਈਂ ਪਰਿਵਾਰ, ਵਿਸ਼ਵ ਹਿੰਦੂ ਪ੍ਰੀਸ਼ਦ, ਭਾਰਤ ਵਿਕਾਸ ਪ੍ਰੀਸ਼ਦ ਨੇ ਵੀ ਪੂਰਾ ਸਹਿਯੋਗ ਦਿੱਤਾ। ਸ੍ਰੀ ਗੰਡੋਤਰਾ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕੀਤਾ ਗਿਆ।
ਸਮਾਗਮ ਨੂੰ ਸਫਲ ਬਣਾਉਣ ਵਾਲੇ ਹਰ ਵਿਅਕਤੀ ਦਾ ਕੋਟਿ-ਕੋਟਿ ਧੰਨਵਾਦ – ਪ੍ਰਧਾਨ ਅਨੂ ਗੰਡੋਤਰਾ
ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਸ੍ਰੀ ਕ੍ਰਿਸ਼ਨ ਮਹੋਤਸਵ 2025 ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੰਚ ਦੇ ਹਰੇਕ ਮੈਂਬਰ, ਸਹਿਯੋਗੀ ਹਿੰਦੂ ਸੰਗਠਨਾਂ ਜਿਵੇਂ ਸੇਵਾ ਭਾਰਤੀ, ਸ੍ਰੀ ਰਾਮ ਨੌਮੀ ਮਹੋਤਸਵ ਕਮੇਟੀ, ਸਾਈਂ ਪਰਿਵਾਰ, ਵਿਸ਼ਵ ਹਿੰਦੂ ਪ੍ਰੀਸ਼ਦ, ਭਾਰਤ ਵਿਕਾਸ ਪ੍ਰੀਸ਼ਦ ਸਮੇਤ ਹਰੇਕ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਛੋਟਾ ਜਿਹਾ ਵੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰਿਆਂ ਦਾ ਜਿੰਨਾ ਵੀ ਧੰਨਵਾਦ ਕਰਨ, ਉਹ ਘੱਟ ਹੈ, ਕਿਉਂਕਿ ਇਨ੍ਹਾਂ ਦੇ ਸਹਿਯੋਗ ਨਾਲ ਹੀ ਇਸ ਸਮਾਗਮ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕਿਆ।