ਪੰਜਾਬ ਸਰਕਾਰ ਨੇ ਕਿਰਤੀ ਲਈ ਸਕੀਮਾਂ ਨੂੰ ਸਰਲ ਬਣਾਇਆ : ਜਗਰੂਪ ਸਿੰਘ ਸੇਖਵਾਂ

ਮਨਰੇਗਾ ਵਰਕਰਾਂ ਨੂੰ ਵੈੱਲਫੇਅਰ ਬੋਰਡ ਨਾਲ ਰਜਿਸਟਰ ਹੋਣ ਲਈ ਕੀਤਾ ਉਤਸ਼ਾਹਿਤ

ਗੁਰਦਾਸਪੁਰ, 18 ਅਗਸਤ 2025  (ਦੀ ਪੰਜਾਬ ਵਾਇਰ)–  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਰਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਨੇ ਕਿਰਤ ਵਿਭਾਗ ਵੱਲੋਂ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਕਈ ਸਕੀਮਾਂ ਨੂੰ ਸਰਲ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਸਕੀਮਾਂ ਤੱਕ ਕਿਰਤੀਆਂ ਦੀ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਾਦੀਆਂ ਤੋਂ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਬਿਲਡਿੰਗ ਵਰਕਰਜ਼ ਵੈੱਲਫੇਅਰ ਬੋਰਡ ਦੀ ‘ਸ਼ਗਨ ਸਕੀਮ’ ਵਿੱਚ  ਤਹਿਸੀਲਦਾਰ ਦੁਆਰਾ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਸ ਸਬੰਧੀ ਧਾਰਮਿਕ ਸੰਸਥਾ, ਜਿੱਥੇ ਵਿਆਹ ਹੋਇਆ ਹੋਵੇ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਵੈ-ਘੋਸ਼ਣਾ ਪੱਤਰ ਕਾਫ਼ੀ ਹੋਵੇਗਾ।

ਸ. ਸੇਖਵਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ 51,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਸਿਰਫ਼ ਬੱਚੇ ਦਾ ਜਨਮ ਸਰਟੀਫਿਕੇਟ ਜਮਾਂ ਕਰਵਾਉਣ ‘ਤੇ ਮਹਿਲਾ ਉਸਾਰੀ ਕਿਰਤੀਆਂ ਲਈ 21,000 ਰੁਪਏ ਅਤੇ ਪੁਰਸ਼ਾਂ ਲਈ 5,000 ਰੁਪਏ ਦੇ ਜਣੇਪਾ ਲਾਭ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਾਰਡ ਜਮਾਂ ਕਰਵਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਪੰਜਾਬ ਕਿਰਤ ਭਲਾਈ ਬੋਰਡ ਵਿੱਚ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ ਹੈ ਅਤੇ ਹੁਣ ਕਿਰਤੀ ਧਾਰਮਿਕ ਸਥਾਨਾਂ ਅਤੇ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਸ਼ਖ਼ਸੀਅਤਾਂ ਦੀਆਂ ਫ਼ੋਟੋਆਂ ਜਮਾਂ ਕਰਵਾ ਕੇ ਸ਼ਗਨ ਸਕੀਮ ਦਾ ਲਾਭ ਲੈ ਸਕਦੇ ਹਨ।

ਸ. ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਪੰਜਾਬ ਕਿਰਤ ਭਲਾਈ ਬੋਰਡ ਨੇ ਬੱਚਿਆਂ ਲਈ ‘ਵਜ਼ੀਫ਼ਾ ਯੋਜਨਾ’ ਅਧੀਨ ਮਜ਼ਦੂਰਾਂ ਦੀ ਦੋ ਸਾਲ ਦੀ ਸੇਵਾ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ ਅਤੇ ਮਜ਼ਦੂਰ ਆਪਣਾ ਯੋਗਦਾਨ ਪਾਉਣ ਦੇ ਦਿਨ ਤੋਂ ਹੀ ਵਜ਼ੀਫ਼ਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਸ. ਸੇਖਵਾਂ ਨੇ ਅੱਗੇ ਦੱਸਿਆ ਕਿ 90 ਦਿਨਾਂ ਤੋਂ ਵੱਧ ਕੰਮ ਕਰ ਚੁੱਕੇ ਮਨਰੇਗਾ ਮਜ਼ਦੂਰਾਂ ਨੂੰ ਸਾਰੇ ਸਬੰਧਿਤ ਲਾਭ ਪ੍ਰਾਪਤ ਕਰਨ ਲਈ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

Exit mobile version