ਐਡਵੋਕੇਟ ਜਗਰੂਪ ਸਿੰਘ ਸੇਖਵਾਂ ਖਿਲਾਫ਼ ਅਫਵਾਹਾਂ ਮਨਘੜ੍ਹਤ ਅਤੇ ਬੇਬੁਨਿਆਦ: ਜਗਦੀਸ਼ ਧਾਰੀਵਾਲ

ਧਾਰੀਵਾਲ, 14 ਅਗਸਤ 2025 (ਮੰਨਨ ਸੈਣੀ)। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਾਬਕਾ ਉੱਪ ਚੇਅਰਮੈਨ, ਜਗਦੀਸ਼ ਧਾਰੀਵਾਲ ਨੇ ਕਾਦੀਆਂ ਹਲਕੇ ਵਿੱਚ ਪਾਰਟੀ ਦੇ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਝੂਠੀਆਂ ਅਤੇ ਮਨਘੜ੍ਹਤ ਹਨ ਅਤੇ ਇਨ੍ਹਾਂ ਨੂੰ ਫੈਲਾਉਣ ਵਾਲੇ ਲੋਕਾਂ ਨੇ ਆਪਣਾ ਦਿਮਾਗੀ ਸੰਤੁਲਨ ਗੁਆ ਲਿਆ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਧਾਰੀਵਾਲ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਕੁਝ ਤਬਦੀਲੀਆਂ ਤੋਂ ਬਾਅਦ, ਕੁਝ ਸ਼ਰਾਰਤੀ ਅਤੇ ਪਾਰਟੀ ਵਿਰੋਧੀ ਅਨਸਰ ਐਡਵੋਕੇਟ ਸੇਖਵਾਂ ਖਿਲਾਫ਼ ਬੇਬੁਨਿਆਦ ਖਬਰਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹਵਾ ਵਿੱਚ ਖਿਆਲੀ ਪੁਲਾਓ ਬਣਾ ਰਹੇ ਹਨ।

ਜਗਦੀਸ਼ ਧਾਰੀਵਾਲ ਨੇ ਐਡਵੋਕੇਟ ਸੇਖਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਜਗਰੂਪ ਸਿੰਘ ਸੇਖਵਾਂ ਬਹੁਤ ਹੀ ਨਿਮਰਤਾ, ਨੇਕ ਸੋਚ ਅਤੇ ਸੁਲਝੇ ਹੋਏ ਆਗੂ ਹਨ।” ਉਨ੍ਹਾਂ ਅੱਗੇ ਕਿਹਾ ਕਿ ਸੇਖਵਾਂ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਨਾਲ ਨਾ ਸਿਰਫ਼ ਕਾਦੀਆਂ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਹੈ, ਸਗੋਂ ਪੰਜਾਬ ਦੇ ਹੋਰ ਹਲਕਿਆਂ ਵਿੱਚ ਵੀ ਕਈ ਨਵੇਂ ਆਗੂਆਂ ਨੂੰ ਪਾਰਟੀ ਨਾਲ ਜੋੜਿਆ ਹੈ।

ਧਾਰੀਵਾਲ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਐਡਵੋਕੇਟ ਸੇਖਵਾਂ ਦੀ ਅਗਵਾਈ ਹੇਠ ਕਾਦੀਆਂ ਹਲਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਵਿਕਾਸ ਪੱਖੋਂ ਵੀ ਹਲਕਾ ਹੋਰ ਤਰੱਕੀ ਕਰੇਗਾ।

Exit mobile version