ਐਮਸੀਐਮ ਡੀਏਵੀ ਕਾਲਜ ਦੀ ਵਿਦਿਆਰਥਣ ਸੁਖਮਨੀ ਬਰਾੜ ਦੀ ਅੰਗਰੇਜ਼ੀ ਕਵਿਤਾਵਾਂ ਦੀ ਤੀਸਰੀ ਕਿਤਾਬ “ਕਲਾਊਡ ਆਫ਼ ਸਾਰੋ” ਲੋਕ ਅਰਪਣ

ਚੰਡੀਗੜ੍ਹ, 9 ਅਗਸਤ 2025 (ਦੀ ਪੰਜਾਬ ਵਾਇਰ)। ਵਿਰਾਸਤ ਪੰਜਾਬ ਮੰਚ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ ਸੀ ਐਸ ਐਸ ਆਰ ਸੈਮੀਨਾਰ ਹਾਲ ਵਿਖੇ ਸੁਖਮਨੀ ਬਰਾੜ ਦੀ ਅੰਗਰੇਜ਼ੀ ਕਵਿਤਾਵਾਂ ਦੀ ਤੀਸਰੀ ਕਿਤਾਬ “ਕਲਾਊਡ ਆਫ਼ ਸਾਰੋ” ਲੋਕ ਅਰਪਣ ਕੀਤੀ ਗਈ। ਕਿਤਾਬ ਦਾ ਲੋਕ ਅਰਪਣ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਗ, ਪੰਜਾਬ ਦੇ ਸਪੈਸ਼ਲ ਡੀਜੀਪੀ ਏ ਐਸ ਰਾਏ, ਪ੍ਰੋਫੈਸਰ ਪੁਸ਼ਪਿੰਦਰ ਕੌਰ, ਵਿਰਾਸਤ ਪੰਜਾਬ ਮੰਚ ਦੇ ਚੇਅਰਮੈਨ ਡਾ ਹਰਜੋਧ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਪ੍ਰੋ ਰੇਨੂੰ ਵਿੱਗ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਕੱਲ ਮਾਪੇ ਧੀਆਂ ਦੀਆਂ ਉਪਲਬੱਧੀਆਂ ਦੁਆਰਾ ਜਾਣੇ ਜਾਂਦੇ ਹਨ। ਸੁਖਮਨੀ ਬਰਾੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਤੋਂ ਹੈ ਜੋ ਕਿ ਅੱਜ ਕੱਲ ਐਮਸੀਐਮ ਡੀਏਵੀ ਕਾਲਜ ਚੰਡੀਗੜ੍ਹ ਵਿਖੇ ਬੀ ਏ ਆਨਰਜ਼ (ਅੰਗਰੇਜ਼ੀ) ਦੇ ਤੀਸਰੇ ਸਾਲ ਵਿੱਚ ਪੜ੍ਹ ਰਹੀ ਹੈ। ਅੰਗਰੇਜ਼ੀ ਕਵਿਤਾਵਾਂ ਦੀ ਇਹ ਉਸਦੀ ਤੀਸਰੀ ਕਿਤਾਬ ਹੈ, ਜਿਸ ਵਿੱਚ ਉਸਨੇ ਪਿਆਰ, ਮੁਹੱਬਤ, ਵਿਛੋੜਾ ਹਾਵ-ਭਾਵਾਂ ਨੂੰ ਪੇਸ਼ ਕੀਤਾ ਹੈ। ਪ੍ਰੋ ਰੇਨੂੰ ਵਿੱਗ ਨੇ ਨੌਜਵਾਨ ਕਵਿਤਰੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਪਣੀ ਖੁਸ਼ੀ, ਲੋਕਾਂ ਦੀ ਖੁਸ਼ੀ ਅਤੇ ਪੂਰੀ ਕਾਇਨਾਤ ਦੀ ਖੁਸ਼ੀ ਲਈ ਹੋਰ ਵੀ ਖੂਬਸੂਰਤ ਕਵਿਤਾਵਾਂ ਲਿਖੇ।

ਸ੍ਰੀ ਏ ਐਸ ਰਾਏ ਨੇ ਸੁਖਮਨੀ ਬਰਾੜ ਨੂੰ ਅੱਗੇ ਤੋਂ ਹੋਰ ਵੀ ਵਧੇਰੇ ਪੁਸਤਕਾਂ ਪੜ੍ਹਨ ਅਤੇ ਲਿਖਣ ਵੱਲ ਪ੍ਰੇਰਿਤ ਕੀਤਾ ਜਿਸ ਤੋਂ ਸਮਾਜ ਕੋਈ ਸੇਧ ਲੈ ਸਕੇ। ਪ੍ਰੋ ਪੁਸ਼ਪਿੰਦਰ ਕੌਰ, ਪ੍ਰੋਫੈਸਰ ਸੁਸ਼ੀਲ ਕੁਮਾਰ ਅਤੇ ਡਾਕਟਰ ਰਵਿੰਦਰ ਕੌਰ ਨੇ “ਕਲਾਊਡ ਆਫ ਸਾਰੋ” ਪੁਸਤਕ ਦੇ ਰਿਵਿਊ ਪੇਸ਼ ਕੀਤੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਨ।

ਪ੍ਰੋਫੈਸਰ ਗੁਰਪਾਲ ਸਿੰਘ ਸੰਧੂ ਅਤੇ ਸੁਖਮਨੀ ਬਰਾੜ ਦੇ ਪਿਤਾ ਅਮਨਦੀਪ ਸਿੰਘ ਬਰਾੜ ਵੱਲੋਂ ਸਾਰੇ ਮਹਿਮਾਨਾਂ ਤੇ ਵਿਸ਼ੇਸ਼ ਬੁਲਾਰਿਆਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾਕਟਰ ਰਵਿੰਦਰ ਕੌਰ ਦੁਆਰਾ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ।

Exit mobile version