ਗੁਰਦਾਸਪੁਰ, 09 ਅਗਸਤ 2025 ( ਮੰਨਨ ਸੈਣੀ )। ਬੀਤੇ ਦਿਨੀਂ ਕਿਰਨ ਨਾਲੇ ਵਿੱਚ ਪਾਣੀ ਦੇ ਵਹਾਅ ਵਿੱਚ ਵਹਿ ਕੇ ਜਾਨਾਂ ਗਵਾਉਣ ਵਾਲੇ ਮਰਹੂਮ ਪੱਪੂ ਮਸੀਹ ਅਤੇ ਗੁਰਕੀਰਤ ਸਿੰਘ ਦੇ ਪਰਿਵਾਰਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਡੂੰਘੀ ਸੰਵੇਦਨਾਂ ਜ਼ਾਹਰ ਕੀਤੀ ਹੈ। ਅੱਜ ਪਿੰਡ ਚੱਗੂਵਾਲ ਵਿਖੇ ਪੱਪੂ ਮਸੀਹ ਅਤੇ ਮੁਕੰਦਪੁਰ ਵਿਖੇ ਗੁਰਕੀਰਤ ਸਿੰਘ ਦੇ ਘਰ ਪਹੁੰਚ ਕੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਵੰਡਾਉਂਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਦੋ ਵਿਅਕਤੀਆਂ ਦਾ ਇਸ ਤਰਾਂ ਨਾਲ ਚਲੇ ਜਾਣ ਬਹੁਤ ਹੀ ਦੁੱਖਦਾਈ ਤੇ ਅਫ਼ਸੋਸਨਾਕ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਦੁਰਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਫੌਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਕਾਰਜ ਚਲਾਉਣ ਲਈ ਨਿਰਦੇਸ਼ ਦਿੱਤੇ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਕਿਹਾ ਕਿ ਉਹ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਸਰਕਾਰ ਤੱਕ ਪਹੁੰਚ ਕਰਨਗੇ। ਸ੍ਰੀ ਬਹਿਲ ਨੇ ਕਿਹਾ ਕਿ ਇਹ ਪਰਿਵਾਰ ਉਨ੍ਹਾਂ ਦੇ ਆਪਣੇ ਪਰਿਵਾਰ ਹਨ ਅਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਕਾਲ ਪੁਰਖ ਵਿੱਛੜੀਆਂ ਰੂਹਾਂ ਨੂੰ ਸਦੀਵੀ ਤੌਰ `ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਦੀਆਂ-ਨਾਲਿਆਂ ਵਿੱਚ ਜਾਣ ਤੋਂ ਗੁਰੇਜ ਕਰਨ ਕਿਉਂਕਿ ਬਰਸਾਤਾਂ ਕਾਰਨ ਨਦੀਆਂ ਤੇ ਨਾਲ਼ਿਆਂ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਰੀ ਚੌਕਸੀ ਤੇ ਅਹਿਤਿਆਤ ਵਰਤੀ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਦੀਪ ਸਿੰਘ ਚੱਗੂਵਾਲ ਅਤੇ ਇਲਾਕੇ ਦੇ ਹੋਰ ਪੰਚ-ਸਰਪੰਚ ਤੇ ਮੁਹਤਬਰ ਹਾਜ਼ਰ ਸਨ।
