ਲੁਧਿਆਣਾ ਸਮਾਰਟ ਸੀਟੀ ਪ੍ਰੋਜੈਕਟ ਦਾ ਆਡਿਟ ਕਰਨ ਨੂੰ ਲਿਖਾਂਗੇ ਕੇਂਦਰ ਨੂੰ
ਲੁਧਿਆਣਾ ਦੇ ਕੌਂਸਲਰ ਲੜ ਰਹੇ ਹਨ ਲੋਕਾਂ ਦੀ ਲੜਾਈ
ਚੰਡੀਗੜ੍ਹ / ਲੁਧਿਆਣਾ, 4 ਅਗਸਤ 2025 (ਦੀ ਪੰਜਾਬ ਵਾਇਰ)– ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੀਖੇ ਸ਼ਬਦਾਂ ਵਿੱਚ ਹਮਲਾ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਵੱਈਏ ਨੂੰ ਅਹੰਕਾਰੀ ਦੱਸਦਿਆਂ ਕਿਹਾ ਕਿ ਇਸ ਦਾ ਪੱਕਾ ਇਲਾਜ ਹੁਣ ਕੇਂਦਰ ਸਰਕਾਰ ਕਰੇਗੀ। ਜਾਖੜ ਭਾਜਪਾ ਦੇ ਤਿੰਨ ਕੌਂਸਲਰਾਂ ਦੇ ਹੱਕ ਵਿਚ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਸਨ। ਇਨ੍ਹਾਂ ਕੌਂਸਲਰਾਂ ਵਿਰੁੱਧ ਨਿਗਮ ਦੇ ਮੇਅਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਬਾਰੇ ਜਾਖੜ ਨੇ ਕਿਹਾ ਕਿ ਇਹ ਕੇਸ ਕੇਵਲ ਇਸ ਕਰਕੇ ਦਰਜ ਕੀਤਾ ਗਿਆ ਕਿਉਂਕਿ ਕੌਂਸਲਰ ਵਿਕਾਸ ਕਾਰਜਾਂ ਦੀ ਗੱਲ ਕਰਨ ਮੇਅਰ ਕੋਲ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਇਹ ਕੇਵਲ ਕੌਂਸਲਰਾਂ ਨਾਲ ਹੋਈ ਨਾਇਂਸਾਫੀ ਨਹੀਂ, ਸਗੋਂ ਇਹ ਸਰਕਾਰ ਦੇ ਅਹੰਕਾਰ ਅਤੇ ਭ੍ਰਿਸ਼ਟਾਚਾਰ ਦੀ ਨਿਸ਼ਾਨਦੇਹੀ ਕਰਦੀ ਹੈ। ਜਾਖੜ ਨੇ ਕਿਹਾ ਕਿ ਭਾਜਪਾ ਆਪਣੀ ਆਤਮਸਨਮਾਨ ਦੀ ਲੜਾਈ ਪੂਰੇ ਜ਼ੋਰ ਨਾਲ ਲੜੇਗੀ ਅਤੇ ਇਹ ਮਾਮਲਾ ਹੁਣ ਪੂਰੇ ਪੰਜਾਬ ਵਿੱਚ ਗੂੰਜੇਗਾ। ਉਨ੍ਹਾਂ ਨੇ ਨਿਗਮ ਮੇਅਰ ‘ਤੇ ਰੋਸ ਜਤਾਉਂਦੇ ਹੋਏ ਦੋਸ਼ ਲਾਏ ਕਿ ਉਹ ਵਿਕਾਸ ਕਾਰਜਾਂ ਨੂੰ ਭੁੱਲ ਕੇ ਸਿਰਫ਼ ਰਾਜਨੀਤਿਕ ਪੱਖਪਾਤੀ ਕਰ ਰਹੇ ਹਨ।
ਸੁਨੀਲ ਜਾਖੜ ਨੇ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਲਈ ਕੇਂਦਰ ਵੱਲੋਂ ਦਿੱਤੇ ਗਏ ₹1800 ਕਰੋੜ ਰੁਪਏ ਦੀ ਵਰਤੋਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਰਕਮ ਦੀ ਆਡਿਟ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ, ਤਾਂ ਜੋ ਲੋਕਾਂ ਸਾਹਮਣੇ ਸੱਚ ਆ ਸਕੇ ਕਿ ਇਹ ਧਨ ਕਿੱਥੇ ਤੇ ਕਿਵੇਂ ਖਰਚ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਜਾਖੜ ਨੇ ਕਿਹਾ ਕਿ ਮਾਨ ਸਿਰਫ਼ ਚੁਟਕਲੇ ਸੁਣਾਉਣ ‘ਚ ਵਿਅਸਤ ਹਨ, ਜਦਕਿ ਪੰਜਾਬ ਦੀ ਜਨਤਾ ਹਕੀਕਤ ਵਿੱਚ ਨਸ਼ੇ ਅਤੇ ਭ੍ਰਿਸ਼ਟਾਚਾਰ ਦੀ ਮਾਰ ਸਹਿ ਰਹੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਮੰਤਰੀ ਬਣੇ ਸੰਜੀਵ ਅਰੋੜਾ ਨੂੰ ਵੀ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੰਪਨੀਆਂ ਤੋਂ ਅਸਤੀਫੇ ਦੇਣ ਨਾਲ ਗੱਲ ਨਹੀਂ ਬਣਦੀ, ਸਫੇਦ ਕੱਪੜੇ ਪਾ ਲੈਣ ਨਾਲ ਕੋਈ ਨੇਤਾ ਨਹੀਂ ਬਣ ਜਾਂਦਾ। ਜਨਤਾ ਦੀ ਆਵਾਜ਼ ਬਣੋ, ਨਹੀਂ ਤਾਂ ਲੋਕ ਤੁਹਾਨੂੰ ਘਰ ਵਾਪਸ ਭੇਜਣ ਦੇ ਤਿਆਰ ਨੇ। ਜਾਖੜ ਨੇ ਲੈਂਡ ਪੁਲਿੰਗ ਮਸਲੇ ਉੱਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਫੈਸਲਾ ਵੀ ਆਖ਼ਿਰਕਾਰ ਲੋਕਾਂ ਨੂੰ ਸਰਕਾਰ ਖਿਲਾਫ ਖੜਾ ਕਰੇਗਾ।
