ਉੱਤਰਾਖੰਡ ਤੋਂ ਅੰਮ੍ਰਿਤਸਰ ਤੱਕ ਫੈਲੇ ਨਾਜਾਇਜ਼ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਦਾ ਪਰਦਾਫਾਸ਼

ਸਰਕਾਰੀ ਸਪਲਾਈ ਦੀਆਂ ਦਵਾਈਆਂ ਖੁੱਲ੍ਹੇ ਬਾਜ਼ਾਰ ‘ਚ ਵੇਚੀਆਂ ਜਾ ਰਹੀਆਂ ਸਨ

ਚੰਡੀਗੜ੍ਹ, 31 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਨੇ ਨਾਜਾਇਜ਼ ਦਵਾਈਆਂ ਦੀ ਸਪਲਾਈ ਨੂੰ ਲੈ ਕੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਨਾਜਾਇਜ਼ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨਾਲ ਜੁੜੇ 6 ਲੋਕਾਂ ਨੂੰ ਕਾਬੂ ਕੀਤਾ ਹੈ ।

ਇਸ ਜਾਂਚ ਦੀ ਸ਼ੁਰੂਆਤ ਟਰੈਮਾਡੋਲ ਦੀਆਂ ਸਿਰਫ 35 ਗੋਲੀਆਂ ਦੀ ਮਾਮੂਲੀ ਬਰਾਮਦਗੀ ਨਾਲ ਹੋਈ, ਜਿਸ ਨੇ ਇੱਕ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ। ਇਸ ਨੈੱਟਵਰਕ ਦੀਆਂ ਜੜ੍ਹਾਂ ਉੱਤਰਾਖੰਡ ਦੇ ਹਰਿਦੁਆਰ ਵਿੱਚ ਸਥਿਤ ਇੱਕ ਨਿਰਮਾਣ ਇਕਾਈ ਤੱਕ ਪਹੁੰਚੀਆਂ ।

ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਦੱਸਿਆ ਕਿ ਜਾਂਚ ਦੌਰਾਨ ਕੀਤੇ ਗਏ ਖੁਲਾਸਿਆਂ ਅਤੇ ਛਾਪੇਮਾਰੀ ਦੇ ਆਧਾਰ ‘ਤੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ ਵਿੱਚ ਕੈਮਿਸਟ, ਡਿਸਟ੍ਰੀਬਿਊਟਰ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦਾ ਪਲਾਂਟ ਹੈੱਡ ਸ਼ਾਮਲ ਹੈ । ਛਾਪੇਮਾਰੀ ਦੌਰਾਨ ਪੁਲਿਸ ਨੇ 70,000 ਤੋਂ ਵੱਧ ਟਰੈਮਾਡੋਲ ਟੈਬਲੇਟਸ, 7.65 ਲੱਖ ਰੁਪਏ ਦੀ ਡਰੱਗ ਮਨੀ ਅਤੇ 325 ਕਿਲੋਗ੍ਰਾਮ ਟਰੈਮਾਡੋਲ ਦਾ ਕੱਚਾ ਮਾਲ ਬਰਾਮਦ ਕੀਤਾ ।

ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਦਵਾਈਆਂ ਦੀਆਂ ਸਟ੍ਰਿਪਾਂ ‘ਤੇ “ਗਵਰਨਮੈਂਟ ਸਪਲਾਈ ਓਨਲੀ – ਨਾਟ ਫਾਰ ਸੇਲ” (ਸਿਰਫ਼ ਸਰਕਾਰੀ ਸਪਲਾਈ – ਵਿਕਰੀ ਲਈ ਨਹੀਂ) ਲਿਖਿਆ ਹੋਇਆ ਸੀ । ਇਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਸਟਾਕ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਸਪਲਾਈ ਤੋਂ ਮੋੜਿਆ ਗਿਆ ਸੀ ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਪ੍ਰਮੁੱਖ ਫਾਰਮਾ ਯੂਨਿਟਸ ਨਸ਼ੀਲੀਆਂ ਦਵਾਈਆਂ ਦੇ ਮਾਪਦੰਡਾਂ ਦੀ ਉਲੰਘਣਾ ਕਰ ਰਹੀਆਂ ਸਨ। ਅਜਿਹੀਆਂ ਕਈ ਇਕਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ਡਰੱਗ ਮਾਫੀਆ ਖਿਲਾਫ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਨੈੱਟਵਰਕ ਦੇ ਤਾਰ ਹੋਰਨਾਂ ਰਾਜਾਂ ਨਾਲ ਵੀ ਜੁੜੇ ਹੋ ਸਕਦੇ ਹਨ, ਜਿਸ ਦੀ ਜਾਂਚ ਅਜੇ ਜਾਰੀ ਹੈ।

Exit mobile version