ਪੰਜਾਬ ਦੀ ਸਿਆਸਤ ਵਿੱਚ ਵਾਰ-ਪਲਟਵਾਰ: ਕੈਪਟਨ ਦੇ ਨਸ਼ਾ ਤਸਕਰਾਂ ਬਾਰੇ ਬਿਆਨ ‘ਤੇ ਭਗਵੰਤ ਮਾਨ ਦਾ ਤਿੱਖਾ ਹਮਲਾ

ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਜਵਾਬ: “ਗੁਟਕਾ ਸਾਹਿਬ ਦੀ ਸਹੁੰ ਕਿੱਥੇ ਗਈ?”

ਚੰਡੀਗੜ੍ਹ, 26 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਵਾਰ -ਪਲਟਵਾਰ ਅਤੇ ਜ਼ਬਰਦਸਤ ਹਲਚਲ ਮਚੀ ਹੋਈ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜੋ ਹੁਣ ਭਾਜਪਾ ਅੰਦਰ ਸ਼ਾਮਿਲ ਹਨ) ‘ਤੇ ਨਸ਼ਾ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਹ ਦੋਸ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਸਿਆਸੀ ਬਦਲਾਖੋਰੀ ਅਤੇ ਲੋਕਤੰਤਰ ‘ਤੇ ਹਮਲੇ ਦੇ ਦੋਸ਼ ਲਾਉਣ ਤੋਂ ਬਾਅਦ ਆਏ ਹਨ।ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੱਖਾ ਜਵਾਬ ਦਿੰਦੇ ਹੋਏ ਹਮਲਾ ਬੋਲਿਆ ਗਿਆ ਹੈ।


ਕੈਪਟਨ ਅਮਰਿੰਦਰ ਸਿੰਘ ਦੇ ‘ਆਪ’ ਸਰਕਾਰ ‘ਤੇ ਇਲਜ਼ਾਮ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਵਿੱਚ ਦਿੱਤੇ ਬਿਆਨ ਵਿੱਚ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ “ਸਸਤੀ ਸਨਸਨੀਖੇਜ਼ਤਾ, ਸਿਆਸੀ ਬਦਲਾਖੋਰੀ ਅਤੇ ਬੇਰਹਿਮ ਦਮਨ” ਦਾ ਮਾਹੌਲ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਨੇ ਪਹਿਲਾਂ ਕਦੇ ਅਜਿਹਾ “ਲੋਕਤੰਤਰ ‘ਤੇ ਬੇਸ਼ਰਮੀ ਵਾਲਾ ਹਮਲਾ” ਨਹੀਂ ਦੇਖਿਆ, ਜਿੱਥੇ ਸਰਕਾਰ ਦੇ ਆਲੋਚਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ, ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।

ਉਨ੍ਹਾਂ ਨੇ ਖਾਸ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਇਸ ਨੂੰ “ਅਣਮਨੁੱਖੀ ਚਾਲਾਂ” ਦੀ ਹੈਰਾਨ ਕਰਨ ਵਾਲੀ ਉਦਾਹਰਣ ਦੱਸਿਆ ਅਤੇ ਇਸ “ਸਿਆਸੀ ਅਤਿਆਚਾਰ” ਦੀ ਸਖ਼ਤ ਨਿੰਦਾ ਕੀਤੀ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਵੱਡੇ ਪੱਧਰ ‘ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ, ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਦਿੱਲੀ ਤੋਂ “ਮਾਫੀਆ ਆਪਰੇਸ਼ਨ” ਵਾਂਗ ਰਿਮੋਟਲੀ ਕੰਟਰੋਲ ਕੀਤਾ ਜਾ ਰਿਹਾ ਹੈ।


ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਜਵਾਬ: “ਗੁਟਕਾ ਸਾਹਿਬ ਦੀ ਸਹੁੰ ਕਿੱਥੇ ਗਈ?”

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਮਾਨ ਨੇ ਸਵਾਲ ਕੀਤਾ, “ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ? ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ-ਤੜਫ ਕੇ ਮਰ ਰਹੇ ਸੀ, ਓਸ ਵੇਲੇ ਤੁਸੀਂ ਮਹਿਫ਼ਲਾਂ ‘ਚ ਬੈਠੇ ਸੀ!”

ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਗਲੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਦੇ ਸਾਰੇ “ਦੋਗਲੇ ਚਿਹਰਿਆਂ” ਨੂੰ ਪਛਾਣ ਚੁੱਕੇ ਹਨ, ਭਾਵੇਂ ਇਸਦੀ ਕੀਮਤ ਬਹੁਤ ਜ਼ਿਆਦਾ ਚੁਕਾਉਣੀ ਪਈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਹੁਣ ਕੈਪਟਨ ਦੇ ਬਿਆਨ ਨੂੰ “ਨਿੱਜੀ” ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰੇਗੀ। ਮਾਨ ਨੇ ਆਪਣੇ ਸਵਾਲ ਦੇ ਅੰਤ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਚੁੱਕੀ ਗਈ “ਗੁਟਕਾ ਸਾਹਿਬ ਜੀ ਦੀ ਸਹੁੰ” ਦਾ ਜ਼ਿਕਰ ਕਰਦਿਆਂ ਤਿੱਖਾ ਵਿਅੰਗ ਕੱਸਿਆ, ਜੋ ਨਸ਼ਿਆਂ ਦੇ ਖਾਤਮੇ ਲਈ ਸੀ।

Exit mobile version