ਸ੍ਰੀਗੰਗਾਨਗਰ ਰੇਲਵੇ ਟਰੈਕ ਧਮਾਕਾ: ਗੁਰਦਾਸਪੁਰ ਤੋਂ ਚੌਥੀ ਗ੍ਰਿਫ਼ਤਾਰੀ; ਜਾਂਚ ਐਨ.ਆਈ.ਏ. ਹਵਾਲੇ

ਗੁਰਦਾਸਪੁਰ, 27 ਨਵੰਬਰ 2026 (ਮੰਨਨ ਸੈਣੀ)। ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਰੇਲਵੇ ਟਰੈਕ ਨੂੰ ਧਮਾਕੇ ਨਾਲ ਉਡਾਉਣ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਚੌਥੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜਸਥਾਨ ਏ.ਟੀ.ਐਸ. ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹਨ ਅਤੇ ਦੋਰਾਂਗਲਾ ਥਾਣੇ ਵਿੱਚ ਤਾਇਨਾਤ ਹਨ।

ਜਾਂਚ ਏਜੰਸੀਆਂ ਮੁਤਾਬਕ ਰਵਿੰਦਰ ਸਿੰਘ ਪਹਿਲਾਂ ਫੜੇ ਜਾ ਚੁੱਕੇ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦੇ ਸੰਪਰਕ ਵਿੱਚ ਸੀ। ਤਿੰਨਾਂ ਦੀ ਪੁਰਾਣੀ ਜਾਣ-ਪਛਾਣ ਦੱਸੀ ਜਾ ਰਹੀ ਹੈ ਅਤੇ ਉਹ ਇੱਕੋ ਸਕੂਲ ਵਿੱਚ ਪੜ੍ਹ ਚੁੱਕੇ ਹਨ। ਪੁਲਿਸ ਪੁੱਛਗਿੱਛ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਥਿਤ ਸਾਜ਼ਿਸ਼ ਵਿੱਚ ਰਵਿੰਦਰ ਦੀ ਕਿੰਨੀ ਭੂਮਿਕਾ ਸੀ ਅਤੇ ਬਾਕੀ ਮੁਲਜ਼ਮਾਂ ਨਾਲ ਉਸ ਦਾ ਸੰਪਰਕ ਕਿਸ ਤਰ੍ਹਾਂ ਬਣਿਆ ਹੋਇਆ ਸੀ।

3 ਨਵੰਬਰ ਦੀ ਰਾਤ ਹੋਇਆ ਸੀ ਧਮਾਕਾ

ਸ੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਇਲਾਕੇ ਵਿੱਚ 3 ਨਵੰਬਰ ਦੀ ਰਾਤ ਕਰੀਬ 9:45 ਵਜੇ ਅਨੂਪਗੜ੍ਹ-ਸੂਰਤਗੜ੍ਹ ਰੇਲ ਮਾਰਗ ‘ਤੇ ਪਿੰਡ 50 ਜੀ.ਬੀ. ਨੇੜੇ ਜ਼ੋਰਦਾਰ ਧਮਾਕਾ ਹੋਇਆ ਸੀ। ਧਮਾਕੇ ਨਾਲ ਪਟੜੀ ਦੇ ਸਲੀਪਰ ਟੁੱਟ ਗਏ ਅਤੇ ਟਰੈਕ ਕੋਲ ਜ਼ਮੀਨ ਵਿੱਚ ਡੂੰਘਾ ਟੋਆ ਪੈ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਘਟਨਾ ਤੋਂ ਕਰੀਬ 75 ਮਿੰਟ ਪਹਿਲਾਂ ਇਸ ਰੂਟ ਤੋਂ ਇੱਕ ਸਵਾਰੀ ਗੱਡੀ ਲੰਘ ਚੁੱਕੀ ਸੀ। ਘਟਨਾ ਮਗਰੋਂ ਰੇਲਵੇ ਪ੍ਰਸ਼ਾਸਨ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪਾਕਿਸਤਾਨ ਬੈਠੇ ਹੈਂਡਲਰਾਂ ਨਾਲ ਸੰਪਰਕ ਦਾ ਦੋਸ਼

ਜਾਂਚ ਦੌਰਾਨ ਰਾਜਸਥਾਨ ਏ.ਟੀ.ਐਸ. ਅਤੇ ਸ੍ਰੀਗੰਗਾਨਗਰ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਗੁਰਦਾਸਪੁਰ ਜ਼ਿਲ੍ਹੇ ਤੋਂ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਮਹਿਕਦੀਪ ਕੌਰ ਪਾਕਿਸਤਾਨ ਵਿੱਚ ਬੈਠੇ “ਸ਼ਾਹ” ਅਤੇ “ਚਾਚਾ” ਨਾਂ ਦੇ ਕਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਸੁਰੱਖਿਆ ਏਜੰਸੀਆਂ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਵੀ ਪੜਤਾਲ ਕਰ ਰਹੀਆਂ ਹਨ।

ਜੇਲ੍ਹ ‘ਚ ਬੰਦ ਹਰਦੀਪ ਸਿੰਘ ਨੂੰ ਵੀ ਲਿਆ ਗਿਆ ਸੀ ਹਿਰਾਸਤ ‘ਚ

ਇਸ ਮਾਮਲੇ ਵਿੱਚ ਤੀਜੀ ਗ੍ਰਿਫ਼ਤਾਰੀ ਗੁਰਦਾਸਪੁਰ ਦੇ ਪਿੰਡ ਸ਼ਾਹੂਰ ਦੇ ਵਾਸੀ ਹਰਦੀਪ ਸਿੰਘ ਦੀ ਹੋਈ ਸੀ। ਉਹ ਇੱਕ ਅਕਾਲੀ ਵਰਕਰ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪਹਿਲਾਂ ਹੀ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ। ਰਾਜਸਥਾਨ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਆਪਣੇ ਨਾਲ ਲੈ ਗਈ ਸੀ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਹਰਦੀਪ ਸਿੰਘ ਵੀ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦੇ ਸੰਪਰਕ ਵਿੱਚ ਸੀ। ਉਸ ‘ਤੇ ਪਾਕਿਸਤਾਨ ਬੈਠੇ ਹੈਂਡਲਰਾਂ ਤੱਕ ਰੇਲਵੇ ਟਰੈਕ ਦੀ ਲੋਕੇਸ਼ਨ ਪਹੁੰਚਾਉਣ ਵਿੱਚ ਮਦਦ ਕਰਨ ਦਾ ਵੀ ਸ਼ੱਕ ਜਤਾਇਆ ਗਿਆ ਸੀ।

ਜਾਂਚ ਐਨ.ਆਈ.ਏ. ਨੂੰ ਸੌਂਪੀ ਗਈ

ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਕਥਿਤ ਸਰਹੱਦ-ਪਾਰ ਸਬੰਧਾਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਸੌਂਪ ਦਿੱਤੀ ਹੈ। ਮੁੱਢਲੀ ਪੁਲਿਸ ਜਾਂਚ ਵਿੱਚ ਵਿਸਫੋਟਕ ਅਤੇ ਹਥਿਆਰਾਂ ਦੀ ਕਥਿਤ ਸਪਲਾਈ, ਡਰੋਨ ਰਾਹੀਂ ਸਰਹੱਦ ਪਾਰੋਂ ਸਮਾਨ ਸੁੱਟੇ ਜਾਣ ਅਤੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਵਰਗੇ ਪੱਖਾਂ ਦੀ ਪੜਤਾਲ ਕੀਤੀ ਗਈ ਹੈ।

ਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਜਾਂਚ ਦਾ ਦਾਇਰਾ ਹੋਰ ਵਧ ਗਿਆ ਹੈ। ਪੁਲਿਸ ਇਹ ਪਤਾ ਲਾਉਣ ਵਿੱਚ ਜੁਟੀ ਹੈ ਕਿ ਟਰੈਕ ਨੂੰ ਨਿਸ਼ਾਨਾ ਬਣਾਉਣ ਦੀ ਵਿਉਂਤ ਕਿਸ ਨੇ ਬਣਾਈ, ਮੁਲਜ਼ਮਾਂ ਨੂੰ ਹਦਾਇਤਾਂ ਕਿੱਥੋਂ ਮਿਲ ਰਹੀਆਂ ਸਨ ਅਤੇ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ।

Exit mobile version