ਪੰਜਾਬ ‘ਚ ਅਮਨ ਲਈ ਪੁਲਿਸ ਦਾ ਸਖ਼ਤ ਕਦਮ: ਗੁਰਦਾਸਪੁਰ ‘ਚ ਗੈਰ-ਕਾਨੂੰਨੀ ਹਥਿਆਰਾਂ ‘ਤੇ ਸ਼ਿਕੰਜਾ

4 ਪਿਸਤੌਲ, 7 ਮੈਗਜ਼ੀਨ ਅਤੇ 52 ਰੌਂਦ ਸਹਿਤ ਦੋ ਗ੍ਰਿਫ਼ਤਾਰ-ਆਈਪੀਐਸ ਅਦਿੱਤਯ

ਗੁਰਦਾਸਪੁਰ, 25 ਜੁਲਾਈ 2025 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ, ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ 04 ਪਿਸਤੌਲ, 07 ਮੈਗਜ਼ੀਨ ਅਤੇ 52 ਰੌਂਦ ਬਰਾਮਦ ਕੀਤੇ ਗਏ ਹਨ ਜੋ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਸੰਬੰਧੀ ਪ੍ਰੈਸ ਵਾਰਤਾ ਕਰਦੇ ਹੋਏ ਐਸ.ਐਸ.ਪੀ ਅਦਿੱਤਯ (ਆਈ.ਪੀ.ਐਸ) ਨੇ ਦੱਸਿਆ ਕਿ ਡੀਜੀਪੀ ਪੰਜਾਬ ਗੋਰਵ ਯਾਦਵ, ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ ਵੱਲੋ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗੁਰਦਾਸਪੁਰ ਪੁਲਿਸ ਲਗਾਤਾਰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ।

ਇਸੇ ਲੜੀ ਤਹਿਤ, ਥਾਣਾ ਘੁੰਮਣ ਕਲਾਂ ਦੀ ਪੁਲਿਸ ਪਾਰਟੀ ਨੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੇ ਸਹਿਯੋਗ ਨਾਲ ਗਸ਼ਤ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਵਿਅਕਤੀ ਬੋਬੀ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਪਾਸੋਂ 01 ਪਿਸਤੌਲ 32 ਬੋਰ, 01 ਮੈਗਜ਼ੀਨ ਅਤੇ 02 ਰੌਂਦ ਬਰਾਮਦ ਹੋਏ। ਇਸ ਸਬੰਧੀ ਦੋਸ਼ੀ ਖਿਲਾਫ ਥਾਣਾ ਘੁੰਮਣ ਕਲਾਂ ਵਿਖੇ ਮੁਕੱਦਮਾ ਨੰਬਰ 47, ਮਿਤੀ 22.07.2025 ਨੂੰ ਅਸਲਾ ਐਕਟ ਤਹਿਤ ਦਰਜ ਕਰ ਲਿਆ ਗਿਆ।

ਬੋਬੀ ਤੋਂ ਕੀਤੀ ਗਈ ਪੁੱਛ-ਗਿੱਛ ਤੋਂ ਬਾਅਦ ਇੱਕ ਹੋਰ ਦੋਸ਼ੀ, ਰਿਸ਼ਭ ਉਰਫ ਰਿਸ਼ੂ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਦਾ ਨਾਮ ਸਾਹਮਣੇ ਆਇਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਿਸ਼ਭ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸ ਪਾਸੋਂ 03 ਪਿਸਤੌਲ 32 ਬੋਰ, 06 ਮੈਗਜ਼ੀਨ ਅਤੇ 50 ਰੌਂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ।

ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਬੋਬੀ ਖਿਲਾਫ ਪਹਿਲਾਂ ਵੀ ਲੁੱਟ-ਖੋਹ ਅਤੇ ਲੜਾਈ-ਝਗੜੇ ਦੇ 02 ਵੱਖ-ਵੱਖ ਮੁਕੱਦਮੇ ਦਰਜ ਹਨ।

ਪੁਲਿਸ ਨੇ ਦੋਵਾਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਪੁੱਛ-ਗਿੱਛ ਨਾਲ ਇਹਨਾਂ ਦੇ ਪਿਛਲੇ ਅਤੇ ਅਗਲੇ ਲਿੰਕਾਂ ਨੂੰ ਵੈਰੀਫਾਈ ਕੀਤਾ ਜਾਵੇਗਾ ਤਾਂ ਜੋ ਇਸ ਨੈਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾ ਸਕੇ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਅਤੇ ਜਲਦ ਹੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਸ ਵਾਰਤਾ ਦੌਰਾਨ ਐੱਸ.ਪੀ. ਹੈਡ ਕੁਆਟਰ ਜੁਗਰਾਜ ਸਿੰਘ, ਡੀਐਸਪੀ ਡੀ ਗੁਰਵਿੰਦਰ ਸਿੰਘ, ਡੀਐਸਪੀ ਸਿਟੀ ਮਨਮੋਹਨ ਸਿੰਘ, ਅਜੇ ਕੁਮਾਰ, ਐਸਐਚਓ ਘੁੰਮਣ ਕਲਾਂ ਸਬ ਇੰਸਪੈਕਟਰ ਜਗਦੀਸ਼ ਸਿੰਘ, ਸਪੈਸ਼ਲ ਬ੍ਰਾਂਚ ਇੰਸਪੈਕਟਰ ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਵੀ ਹਾਜਿਰ ਸਨ।

Exit mobile version