ਨਵੇਂ ਬਣੇ ਸਵਿਮਿੰਗ ਪੂਲ ਦੇ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਏ ਜ਼ਿਲ੍ਹਾ ਪੱਧਰੀ ਸਵਿਮਿੰਗ ਮੁਕਾਬਲੇ
ਚੇਅਰਮੈਨ ਰਮਨ ਬਹਿਲ ਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ
ਗੁਰਦਾਸਪੁਰ, 24 ਜੁਲਾਈ 2025 (ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਸਵਿਮਿੰਗ ਪੂਲ ਦੇ ਰੂਪ ਵਿੱਚ ਇੱਕ ਹੋਰ ਖ਼ੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ। ਜਮਨੇਜ਼ੀਅਮ ਹਾਲ ਦੇ ਸਪੋਰਟਸ ਕੰਪਲੈਕਸ ਵਿੱਚ ਨਵੇਂ ਬਣੇ ਸਵਿਮਿੰਗ ਪੂਲ ਦੇ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਸਵਿਮਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਜ਼ਿਲ੍ਹਾ ਪੱਧਰੀ ਸਵਿਮਿੰਗ ਮੁਕਾਬਲਿਆਂ ਵਿੱਚ ਅੰਡਰ 14 ਲੜਕੇ ਤੇ ਲੜਕੀਆਂ, ਅੰਡਰ 17 ਲੜਕੇ ਤੇ ਲੜਕੀਆਂ, ਅੰਡਰ 19 ਲੜਕੇ ਤੇ ਲੜਕੀਆਂ ਦੇ 50 ਮੀਟਰ ਫ਼ਰੀ ਸਟਾਈਲ, 50 ਮੀਟਰ ਬੈਕ ਸਟ੍ਰੋਕ, 50 ਮੀਟਰ ਬਟਰ ਫਲਾਈ ਅਤੇ 50 ਮੀਟਰ ਬਰੈੱਸਟ ਸਟ੍ਰੋਕ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 50 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਸਵਿਮਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 3100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲੇ ਖਿਡਾਰੀ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 1100 ਰੁਪਏ ਨਗਦ ਇਨਾਮ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਸਾਰੇ ਪ੍ਰਤੀਯੋਗੀਆਂ ਨੂੰ ਸਵਿਮਿੰਗ ਕੈਪ ਅਤੇ ਸਵਿਮਿੰਗ ਗੋਗਲਸ ਵੀ ਦਿੱਤੀਆਂ ਗਈਆਂ।
ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਸਵਿਮਿੰਗ ਪੂਲ ਦਾ ਇੱਕ ਖ਼ੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ ਜਿਸ ਲਈ ਉਹ ਮਾਨ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਖਿਡਾਰੀ ਹੁਣ ਸਵਿਮਿੰਗ ਦੇ ਖੇਤਰ ਵਿੱਚ ਵੀ ਵੱਡੀਆਂ ਮੱਲ੍ਹਾਂ ਮਾਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਇਹ ਯਤਨ ਜਾਰੀ ਰਹਿਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਵਿਮਿੰਗ ਪੂਲ ਬੱਚਿਆਂ ਲਈ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਸਵਿਮਿੰਗ ਪੂਲ ਵਿੱਚ ਪ੍ਰੈਕਟਿਸ ਕਰਨ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਲਾਜ਼ਮੀ ਤੌਰ ‘ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਇੱਥੇ ਸਵਿਮਿੰਗ ਦੇ ਕੋਚ ਨਿਯੁਕਤ ਕੀਤੇ ਗਏ ਹਨ ਜੋ ਬੱਚਿਆਂ ਨੂੰ ਸਵਿਮਿੰਗ ਦੀ ਸਿਖਲਾਈ ਦੇਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਖੇਡਾਂ ਨਾਲ ਜੋੜਨ ਅਤੇ ਜੋ ਨੌਜਵਾਨ/ਬੱਚੇ ਸਵਿਮਿੰਗ ਕਰਨ ਦੇ ਚਾਹਵਾਨ ਹਨ ਉਹ ਇਸ ਨੂੰ ਜ਼ਰੂਰ ਜੁਆਇਨ ਕਰਨ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ, ਐੱਸ.ਡੀ.ਐੱਮ. ਗੁਰਦਾਸਪੁਰ ਮਨਜੀਤ ਸਿੰਘ, ਸਹਾਇਕ ਕਮਿਸ਼ਨਰ ਰੁਪਿੰਦਰਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਅਤੇ ਸਮਾਜ ਸੇਵੀ ਗੁਰਪ੍ਰਤਾਪ ਸਿੰਘ ਪੰਨੂ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।