ਗੁਰਦਾਸਪੁਰ, 26 ਨਵੰਬਰ 2026 (ਮੰਨਨ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਸੋਨੇ ਦੀ ਜਿਊਲਰੀ ਅਮਾਨਤ ਵਜੋਂ ਰੱਖ ਕੇ ਕਰੀਬ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਉੱਤਰ ਪ੍ਰਦੇਸ਼ ਦੇ ਮਥੁਰਾ ਨਾਲ ਸਬੰਧਤ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਇਹ ਮੁਕੱਦਮਾ 25 ਨਵੰਬਰ 2026 ਨੂੰ ਥਾਣਾ ਸਿਟੀ ਗੁਰਦਾਸਪੁਰ ਵਿੱਚ ਆਈਪੀਸੀ ਦੀ ਧਾਰਾ 406 ਅਤੇ 102-ਬੀ ਤਹਿਤ ਦਰਜ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਲੋਕੇਸ਼ ਗਰਗ ਅਤੇ ਉਸਦੇ ਪੁੱਤਰ ਸਰਜਲ ਉਰਫ਼ ਗੋਵਿੰਦਰ ਵਜੋਂ ਹੋਈ ਹੈ, ਜੋ ਸੁਰੇਸ਼ ਚੰਦ ਸਰਾਫ਼, ਰਾਧਾ ਕ੍ਰਿਸ਼ਨ ਨਗਰ, ਦਿਓਲ ਨਗਰ, ਮਥੁਰਾ (ਉੱਤਰ ਪ੍ਰਦੇਸ਼) ਦੇ ਵਸਨੀਕ ਹਨ।
ਕੀ ਹੈ ਮਾਮਲਾ
ਇਹ ਮੁਕੱਦਮਾ ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 5 ਵਿੱਚ ਮਕਾਨ ਨੰਬਰ 189/4 ਦੇ ਵਸਨੀਕ ਭੁਪਿੰਦਰ ਵਰਮਾ ਪੁੱਤਰ ਸੁਰਿੰਦਰ ਪਾਲ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ 19 ਅਗਸਤ 2025 ਨੂੰ ਦਰਖ਼ਾਸਤ ਨੰਬਰ 322 ਦਿੱਤੀ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਕਿ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ 355 ਗ੍ਰਾਮ 540 ਮਿਲੀਗ੍ਰਾਮ ਸੋਨੇ ਦੀ ਜਿਊਲਰੀ ਆਪਣੇ ਕੋਲ ਰੱਖੀ ਅਤੇ ਅਮਾਨਤ ਵਿੱਚ ਖ਼ਿਆਨਤ ਕਰਦਿਆਂ ਧੋਖਾਧੜੀ ਕੀਤੀ। ਇਸ ਸੋਨੇ ਦੀ ਕੀਮਤ ਕਰੀਬ 29 ਲੱਖ 57 ਹਜ਼ਾਰ ਰੁਪਏ ਦੱਸੀ ਗਈ ਹੈ। ਸ਼ਿਕਾਇਤ ਵਿੱਚ ਦਰਜ ਘਟਨਾ ਦੀ ਮਿਤੀ 30 ਜੂਨ 2024 ਹੈ ਅਤੇ ਸਥਾਨ ਮੇਨ ਬਜ਼ਾਰ, ਗੁਰਦਾਸਪੁਰ ਦੱਸਿਆ ਗਿਆ ਹੈ।
ਪੜਤਾਲ ਤੋਂ ਬਾਅਦ ਦਰਜ ਹੋਇਆ ਪਰਚਾ
ਦਰਖ਼ਾਸਤ ਦੀ ਪੜਤਾਲ ਮੁੱਖ ਅਫ਼ਸਰ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਕੀਤੀ ਗਈ। ਇਸ ਮਗਰੋਂ ਡੀਐੱਸਪੀ ਸਿਟੀ ਨੇ ਆਪਣੀ ਰਿਪੋਰਟ ਐੱਸਐੱਸਪੀ ਗੁਰਦਾਸਪੁਰ ਨੂੰ ਪੇਸ਼ ਕੀਤੀ। ਡੀਡੀਏ (ਜ਼ਿਲ੍ਹਾ ਅਟਾਰਨੀ) ਦੀ ਰਾਏ ਲੈਣ ਅਤੇ ਐੱਸਐੱਸਪੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਦਰਖ਼ਾਸਤ ਸਮੇਤ ਇਨਕੁਆਰੀ ਰਿਪੋਰਟ ਥਾਣੇ ਨੂੰ ਮਿਲੀ, ਜਿਸ ‘ਤੇ ਏਐੱਸਆਈ ਅਜੇ ਰਾਜਨ ਨੇ ਮੁਕੱਦਮਾ ਦਰਜ ਕੀਤਾ। ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
