ਪੰਜਾਬ ‘ਚ 5 ਦਿਨਾਂ ਦੌਰਾਨ 17 ਜ਼ਿਲ੍ਹਿਆਂ ‘ਚੋਂ ਗੁਜ਼ਰੇਗੀ 700 ਕਿਲੋਮੀਟਰ ਲੰਮੀ ਯਾਤਰਾ; ਥਾਂ-ਥਾਂ ਸੰਗਤ ਵੱਲੋਂ ਸ਼ਾਨਦਾਰ ਸਵਾਗਤ– ਭਾਜਪਾ
ਮੋਦੀ ਸਰਕਾਰ ਗੁਰੂ ਰਵਿਦਾਸ ਜੀ ਦੇ ‘ਬੇਗਮਪੁਰਾ‘ ਦੇ ਸੰਕਲਪ ਨੂੰ 81 ਕਰੋੜ ਲੋਕਾਂ ਨੂੰ ਮੁਫ਼ਤ ਅੰਨ ਦੇ ਕੇ ਕਰ ਰਹੀ ਹੈ ਸਾਕਾਰ: ਲਾਲ ਸਿੰਘ ਆਰਿਆ
ਗੁਰਦਾਸਪੁਰ, 19 ਨਵੰਬਰ 2026 (ਮੰਨਨ ਸੈਣੀ)– ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 16 ਰੋਜ਼ਾ ਕੌਮੀ ‘ਸਮਰਸਤਾ ਸੰਕਲਪ ਯਾਤਰਾ’ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਵੀਰਵਾਰ ਸਵੇਰੇ ਰਵਾਨਾ ਹੋਈ। ਇਸ ਯਾਤਰਾ ਦਾ ਰਾਹ ਵਿੱਚ ਭੰਗਾਲਾ, ਮੀਰਥਲ, ਨੰਗਲ ਭੂਰਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਯਾਤਰਾ ਮੁਕੇਰੀਆਂ ਤੋਂ ਬਾਅਦ ਪਠਾਨਕੋਟ ਦੇ ਚੱਕੀ ਪੁਲ ਸਥਿਤ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈ। ਮਲਿਕਪੁਰ ਚੌਂਕ, ਬਲਸੂਹਾ ਪੁਲੀ, ਦੀਨਾਨਗਰ ਬਾਈਪਾਸ ਅਤੇ ਝੱਜ ਚੌਂਕ ਤੋਂ ਹੁੰਦੀ ਹੋਈ ਇਹ ਯਾਤਰਾ ਗੁਰਦਾਸਪੁਰ ਸ਼ਹਿਰ ਪੁੱਜੀ, ਇੱਥੋਂ ਇਹ ਯਾਤਰਾ ਬਾਅਦ ਦੁਪਹਿਰ ਅੰਮ੍ਰਿਤਸਰ ਲਈ ਰਵਾਨਾ ਹੋਈ।
ਪੰਜਾਬ ਵਿੱਚ 5 ਦਿਨਾਂ ਦੌਰਾਨ 17 ਜ਼ਿਲ੍ਹਿਆਂ ਵਿੱਚੋਂ ਲੰਘ ਕੇ 700 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਯਾਤਰਾ ਦਾ ਥਾਂ-ਥਾਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮਾਂ ਵਿੱਚ ਭਾਜਪਾ ਦੇ ਕੌਮੀ ਉਪ ਪ੍ਰਧਾਨ ਤੇ ਯਾਤਰਾ ਕਨਵੀਨਰ ਲਾਲ ਸਿੰਘ ਆਰਿਆ, ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਐੱਸਸੀ ਮੋਰਚਾ ਦੇ ਕੌਮੀ ਮੁਖੀ ਤੇ ਰਾਜਸਭਾ ਮੈਂਬਰ ਸ਼ਿਵੇਸ਼ ਕੁਮਾਰ ਰਾਮ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਰਜਨੀਸ਼ ਧੀਮਾਨ, ਰਾਜੇਸ਼ ਬੱਗਾ, ਰਵੀਕਰਨ ਸਿੰਘ ਕਾਹਲੋਂ ਅਤੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਸਮੇਤ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਈ।
ਇਸ ਮੌਕੇ ਲਾਲ ਸਿੰਘ ਆਰਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਜੀ ਦੇ ‘ਬੇਗਮਪੁਰਾ’ (ਜਿੱਥੇ ਕੋਈ ਭੁੱਖਾ ਨਾ ਸੌਂਵੇ) ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ 81 ਕਰੋੜ ਦੇਸ਼ ਵਾਸੀਆਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾ ਰਹੇ ਹਨ। ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਨਸ਼ੇ ਜਵਾਨੀ ਨੂੰ ਖਾ ਰਹੇ ਹਨ ਅਤੇ ਵੰਡਪਾਊ ਤਾਕਤਾਂ ਸਿਰ ਚੁੱਕ ਰਹੀਆਂ ਹਨ, ਤਾਂ ਗੁਰੂ ਸਾਹਿਬ ਦਾ ਸਮਾਜਿਕ ਸਮਰਸਤਾ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਸਭ ਤੋਂ ਵੱਡੀ ਲੋੜ ਹੈ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਗੈਂਗਸਟਰਵਾਦ ਅਤੇ ਕਰਜ਼ੇ ਵਿੱਚ ਡੁੱਬਿਆ ਹੈ, ਜੋ ਗੁਰੂ ਜੀ ਦੀ ਸੋਚ ਤੋਂ ਬਿਲਕੁਲ ਉਲਟ ਹੈ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਇਸ ਯਾਤਰਾ ਦਾ ਮਕਸਦ ਸਿਆਸੀ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਬਰਾਬਰੀ ਦੇ ਸੰਦੇਸ਼ ਦਾ ਪਸਾਰ ਕਰਨਾ ਹੈ।
