ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ, 573 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ
18 ਗੋਲਡ ਮੈਡਲ ਦਿੱਤੇ ਗਏ, ਇਸਰੋ ਦੇ ਵਿਗਿਆਨੀ ਐੱਮ. ਪੀ. ਸਿੰਘ ਦਾ ਵਿਸ਼ੇਸ਼ ਸਨਮਾਨ
ਗੁਰਦਾਸਪੁਰ, 19 ਨਵੰਬਰ 2026 (ਮੰਨਨ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਗੁਰਦਾਸਪੁਰ ਨੇ ਅੱਜ ਆਪਣੀ ਦੂਜੀ ਕਨਵੋਕੇਸ਼ਨ ਪੂਰੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਈ। ਇਹ ਸਮਾਗਮ ਵਾਈਸ-ਚਾਂਸਲਰ ਡਾ. ਐੱਸ. ਕੇ. ਮਿਸ਼ਰਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੇ ਵਾਈਸ-ਚਾਂਸਲਰ ਡਾ. ਐੱਸ. ਕੇ. ਸ਼ਰਮਾ ਵਿਸ਼ੇਸ਼ ਮਹਿਮਾਨ (ਗੈਸਟ ਆਫ਼ ਆਨਰ) ਵਜੋਂ ਹਾਜ਼ਰ ਹੋਏ।
ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਆਪਣੇ ਗਿਆਨ, ਹੁਨਰ ਅਤੇ ਪੜ੍ਹਾਈ ਨੂੰ ਸਮਾਜ ਅਤੇ ਦੇਸ਼ ਦੇ ਭਲੇ ਲਈ ਵਰਤਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਿਰਫ਼ ਨਿੱਜੀ ਤਰੱਕੀ ਦਾ ਵਸੀਲਾ ਨਹੀਂ ਹੋਣੀ ਚਾਹੀਦੀ, ਸਗੋਂ ਇਹ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਸਰਗਰਮ ਹਿੱਸਾ ਪਾਉਣ ਲਈ ਵੀ ਪ੍ਰੇਰਿਤ ਕਰੇ। ਉਨ੍ਹਾਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਦੇਸ਼ ਨਿਰਮਾਣ ਵਿੱਚ ਯੋਗਦਾਨ ਪਾਉਂਦਿਆਂ ਨੈਤਿਕ ਕਦਰਾਂ-ਕੀਮਤਾਂ, ਪੇਸ਼ੇਵਰ ਇਮਾਨਦਾਰੀ ਅਤੇ ਸੇਵਾ ਭਾਵਨਾ ਬਣਾਈ ਰੱਖਣ ਦੀ ਪ੍ਰੇਰਨਾ ਵੀ ਦਿੱਤੀ।

ਕਨਵੋਕੇਸ਼ਨ ਦੌਰਾਨ ਕੁੱਲ 573 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਐੱਮ.ਟੈੱਕ., ਐੱਮ.ਬੀ.ਏ., ਐੱਮ.ਸੀ.ਏ. ਅਤੇ ਐੱਮ.ਐੱਸ.ਸੀ. ਦੇ 50 ਪੋਸਟ-ਗ੍ਰੈਜੂਏਟ ਵਿਦਿਆਰਥੀ, ਅਤੇ ਬੀ.ਟੈੱਕ., ਬੀ.ਬੀ.ਏ., ਬੀ.ਸੀ.ਏ., ਬੀ.ਵੋਕ. ਅਤੇ ਬੀ.ਐੱਸ.ਸੀ. ਦੇ 523 ਅੰਡਰ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ। ਸ਼ਾਨਦਾਰ ਪੜ੍ਹਾਈ ਲਈ ਯੂਨੀਵਰਸਿਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ 18 ਗੋਲਡ ਮੈਡਲ ਦਿੱਤੇ ਗਏ। ਇਸ ਤੋਂ ਇਲਾਵਾ ਪੜ੍ਹਾਈ, ਸਹਿ-ਵਿੱਦਿਅਕ ਸਰਗਰਮੀਆਂ ਅਤੇ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਇੱਕ ਵਿਦਿਆਰਥੀ ਨੂੰ ਵੱਕਾਰੀ ‘ਚਾਂਸਲਰ ਮੈਡਲ’ ਨਾਲ ਸਨਮਾਨਿਆ ਗਿਆ।
ਸਮਾਗਮ ਦੌਰਾਨ ਬੈਂਗਲੁਰੂ ਤੋਂ ਇਸਰੋ ਦੇ ਉੱਘੇ ਵਿਗਿਆਨੀ ਐੱਮ. ਪੀ. ਸਿੰਘ ਨੂੰ ਚੰਦਰਯਾਨ ਮਿਸ਼ਨ ਵਿੱਚ ਪਾਏ ਯੋਗਦਾਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਤੇ ਨਵੀਆਂ ਕਾਢਾਂ ਵੱਲ ਤੁਰਨ ਲਈ ਪ੍ਰੇਰਿਆ।
ਰਾਜਪਾਲ ਨੇ ਪੰਜਾਬ ਦੀ ਆਰਥਿਕਤਾ ਵਿੱਚ ਖੇਤੀਬਾੜੀ ਦੀ ਅਹਿਮੀਅਤ ਅਤੇ ਖੇਤੀ ਖੋਜ ਤੇ ਤਕਨਾਲੋਜੀ ਵਿੱਚ ਉੱਭਰ ਰਹੇ ਮੌਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਖੇਤੀਬਾੜੀ ਨਾਲ ਜੁੜੇ ਕੋਰਸ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਪੇਂਡੂ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨ ਅਤੇ ਆਧੁਨਿਕ, ਤਕਨਾਲੋਜੀ ਆਧਾਰਿਤ ਖੇਤੀ ਤਰੀਕਿਆਂ ਨੂੰ ਹੁਲਾਰਾ ਦੇਣ ਵੱਲ ਧਿਆਨ ਦੇਣ ਲਈ ਕਿਹਾ।
ਵਿਦਿਅਕ ਅਦਾਰਿਆਂ ਦੀ ਸਮਾਜਿਕ ਜ਼ਿੰਮੇਵਾਰੀ ਦੀ ਗੱਲ ਕਰਦਿਆਂ ਰਾਜਪਾਲ ਨੇ ‘ਨਸ਼ਾ-ਮੁਕਤ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਹਿੱਸਾ ਪਾਉਣ ’ਤੇ ਵੀ ਜ਼ੋਰ ਦਿੱਤਾ। ‘ਰੰਗਲਾ ਪੰਜਾਬ’ ਦੀ ਭਾਵਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਿਹਤਮੰਦ, ਤਰੱਕੀਪਸੰਦ ਅਤੇ ਖੁਸ਼ਹਾਲ ਪੰਜਾਬ ਦੀ ਉਸਾਰੀ ਲਈ ਰਲ-ਮਿਲ ਕੇ ਯਤਨ ਕਰਨ ਦਾ ਸੱਦਾ ਦਿੱਤਾ।
ਦੂਜੀ ਕਨਵੋਕੇਸ਼ਨ ਯੂਨੀਵਰਸਿਟੀ ਦੇ ਸਫ਼ਰ ਵਿੱਚ ਅਹਿਮ ਪੜਾਅ ਸਾਬਤ ਹੋਈ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ। ਇਹ ਮੌਕਾ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਪੂਰੇ ਯੂਨੀਵਰਸਿਟੀ ਭਾਈਚਾਰੇ ਲਈ ਮਾਣ ਅਤੇ ਖੁਸ਼ੀ ਦਾ ਪਲ ਰਿਹਾ।
ਡਾ. ਐੱਸ. ਕੇ. ਮਿਸ਼ਰਾ ਦੀ ਅਗਵਾਈ ਹੇਠ ਯੂਨੀਵਰਸਿਟੀ ਮਿਆਰੀ ਪੜ੍ਹਾਈ, ਬਹੁ-ਵਿਸ਼ਿਆਂ ਦੀ ਸਿੱਖਿਆ, ਹੁਨਰ ਵਿਕਾਸ, ਖੋਜ, ਉੱਦਮਤਾ ਅਤੇ ਉਦਯੋਗ ਨਾਲ ਤਾਲਮੇਲ ’ਤੇ ਜ਼ੋਰ ਦੇ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਮੁਤਾਬਕ ਯੂਨੀਵਰਸਿਟੀ ਖ਼ਾਸ ਕਰਕੇ ਪੰਜਾਬ ਦੇ ਸਰਹੱਦੀ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਸੌਖੀ ਪਹੁੰਚ ਵਾਲੀ, ਸਸਤੀ ਅਤੇ ਮਿਆਰੀ ਉੱਚ ਸਿੱਖਿਆ ਦੇਣ ਲਈ ਕੋਰਸਾਂ ਦਾ ਵਿਸਤਾਰ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵਿੱਚ ਜੁਟੀ ਹੋਈ ਹੈ।
ਇਹ ਕਨਵੋਕੇਸ਼ਨ ਸਿਰਫ਼ ਪ੍ਰਾਪਤੀਆਂ ਦਾ ਰਸਮੀ ਜਸ਼ਨ ਨਹੀਂ ਸੀ, ਸਗੋਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ ਦਾ ਮੌਕਾ ਵੀ ਸੀ। ਯੂਨੀਵਰਸਿਟੀ ਭਾਈਚਾਰੇ ਨੇ ਸਾਰੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੰਸਥਾ ਦੀਆਂ ਕਦਰਾਂ-ਕੀਮਤਾਂ ਕਾਇਮ ਰੱਖਣ ਅਤੇ ਇੱਕ ਤਰੱਕੀਪਸੰਦ, ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਆਤਮ-ਨਿਰਭਰ ਭਾਰਤ ਦੀ ਉਸਾਰੀ ਵਿੱਚ ਹਿੱਸਾ ਪਾਉਣ ਲਈ ਉਤਸ਼ਾਹਿਤ ਕੀਤਾ।