ਵਿਸ਼ੇਸ਼ ਸਰਸਰੀ ਸੁਧਾਈ: ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ 22 ਨਵੰਬਰ ਅਤੇ 6 ਦਸੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ – ਜ਼ਿਲ੍ਹਾ ਚੋਣ ਅਫ਼ਸਰ

ਕੈਂਪਾਂ ਵਿੱਚ ਨਵੀਂ ਡ੍ਰਾਫ਼ਟ ਵੋਟਰ ਸੂਚੀ ‘ਚ ਨਾਮ ਵੇਖਿਆ ਜਾ ਸਕੇਗਾ, ਰਜਿਸਟਰ ਹੋਣੋਂ ਰਹਿ ਗਏ ਯੋਗ ਵਿਅਕਤੀ ਬਣਵਾ ਸਕਦੇ ਹਨ ਵੋਟ

1 ਜਨਵਰੀ 2027 ਤੱਕ 18 ਸਾਲ ਦੇ ਹੋਣ ਵਾਲੇ ਯੋਗ ਨੌਜਵਾਨ ਜ਼ਰੂਰ ਬਣਵਾਉਣ ਆਪਣੀ ਵੋਟ

ਗੁਰਦਾਸਪੁਰ, 19 ਨਵੰਬਰ 2026 (ਦੀ ਪੰਜਾਬ ਵਾਇਰ)। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਮੁਕੰਮਲ ਹੋਣ ਮਗਰੋਂ ਹੁਣ ਵਿਸ਼ੇਸ਼ ਸਰਸਰੀ ਸੁਧਾਈ (ਐੱਸ.ਐੱਸ.ਆਰ.) ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਆਦਿਤਿਆ ਉੱਪਲ ਦੀ ਅਗਵਾਈ ਹੇਠ 22 ਨਵੰਬਰ 2026 ਅਤੇ 6 ਦਸੰਬਰ 2026 ਨੂੰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਬੀ.ਐੱਲ.ਓਜ਼ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪੋ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਬੀ.ਐੱਲ.ਓਜ਼ ਕੋਲ ਮੌਜੂਦ ਨਵੀਂ ਡ੍ਰਾਫ਼ਟ ਵੋਟਰ ਸੂਚੀ ਵਿੱਚ ਆਪਣਾ ਨਾਮ ਵੇਖ ਸਕਦੇ ਹਨ। ਜਿਹੜੇ ਯੋਗ ਵਿਅਕਤੀ ਐੱਸ.ਆਈ.ਆਰ. ਦੌਰਾਨ ਵੋਟਰ ਵਜੋਂ ਰਜਿਸਟਰ ਹੋਣੋਂ ਰਹਿ ਗਏ ਸਨ, ਉਹ ਨਵੀਂ ਵੋਟ ਬਣਵਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ ਯੋਗਤਾ ਮਿਤੀ 1 ਜਨਵਰੀ 2027 ਨੂੰ 18 ਸਾਲ ਬਣਦੀ ਹੈ, ਉਹ ਵੀ ਇਨ੍ਹਾਂ ਕੈਂਪਾਂ ਵਿੱਚ ਆਪਣੀ ਵੋਟ ਬਣਵਾ ਸਕਦੇ ਹਨ। ਜਿਨ੍ਹਾਂ ਮ੍ਰਿਤਕ ਵੋਟਰਾਂ ਦੀ ਵੋਟ ਨਹੀਂ ਕੱਟੀ ਗਈ, ਉਨ੍ਹਾਂ ਲਈ ਫ਼ਾਰਮ ਨੰਬਰ 7, ਅਤੇ ਸ਼ਿਫ਼ਟ ਹੋ ਕੇ ਆਉਣ ਜਾਂ ਜਾਣ ਵਾਲੇ ਵੋਟਰਾਂ ਲਈ ਫ਼ਾਰਮ ਨੰਬਰ 8 ਬੀ.ਐੱਲ.ਓ. ਵੱਲੋਂ ਭਰਵਾਇਆ ਜਾਵੇਗਾ। ਇਸ ਤੋਂ ਇਲਾਵਾ ਨਵੀਂ ਵੋਟਰ ਸੂਚੀ ਵਿੱਚ ਜਿਨ੍ਹਾਂ ਵੋਟਰਾਂ ਦੀ ਫੋਟੋ ਠੀਕ ਨਹੀਂ ਹੈ ਜਾਂ ਬਲੈਕ ਐਂਡ ਵਾਈਟ ਹੈ, ਉਹ ਆਪਣੀ ਫੋਟੋ ਠੀਕ ਕਰਵਾ ਸਕਦੇ ਹਨ।

Exit mobile version