ਡੇਰਾ ਸੱਚਾ ਸੌਦਾ ਦੀ ਮਾਨਵਤਾ ਭਲਾਈ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਰਿਵਾਰ ਨੇ ਮਾਤਾ ਦਾ ਪ੍ਰਣ ਪੂਰਾ ਕੀਤਾ
ਚੰਡੀਗੜ੍ਹ, 19 ਨਵੰਬਰ 2026 (ਦੀ ਪੰਜਾਬ ਵਾਇਰ)। ਮੌਤ ਜ਼ਿੰਦਗੀ ਦਾ ਅੰਤ ਜ਼ਰੂਰ ਹੈ, ਪਰ ਕੁਝ ਲੋਕ ਆਪਣੇ ਜਾਣ ਤੋਂ ਬਾਅਦ ਵੀ ਦੂਜਿਆਂ ਦੀ ਜ਼ਿੰਦਗੀ ਵਿੱਚ ਨਵੀਂ ਆਸ ਜਗਾ ਜਾਂਦੇ ਹਨ। ਚੰਡੀਗੜ੍ਹ ਦੇ ਮਾਤਾ ਧਨਪਤੀ ਦੇਵੀ ਇੰਸਾਂ ਨੇ ਅੱਖਾਂ ਅਤੇ ਦੇਹ ਦਾਨ ਕਰਕੇ ਮਨੁੱਖਤਾ ਦੀ ਸੇਵਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਸਮਾਜ ਨੂੰ ਲਾਭ ਮਿਲਦਾ ਰਹੇਗਾ।
ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਅਤੇ ਮਾਨਵਤਾ ਭਲਾਈ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਮਾਤਾ ਨੇ ਜਿਉਂਦੇ ਜੀਅ ਅੱਖਾਂ ਅਤੇ ਦੇਹ ਦਾਨ ਕਰਨ ਦਾ ਪ੍ਰਣ ਲਿਆ ਸੀ। ਪਰਿਵਾਰ ਨੇ ਦੁੱਖ ਦੀ ਘੜੀ ਵਿੱਚ ਵੀ ਇਹ ਪ੍ਰਣ ਪੂਰੀ ਸ਼ਰਧਾ ਨਾਲ ਨਿਭਾਇਆ।
ਧਰਮਪਾਲ ਇੰਸਾਂ ਦੀ ਪਤਨੀ ਮਾਤਾ ਧਨਪਤੀ ਦੇਵੀ ਇੰਸਾਂ ਦੀ ਬਿਮਾਰੀ ਕਾਰਨ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਲਈ ਇਹ ਬੇਹੱਦ ਦੁਖਦਾਈ ਸਮਾਂ ਸੀ, ਪਰ ਮਾਤਾ ਦੀ ਆਖ਼ਰੀ ਇੱਛਾ ਦਾ ਮਾਣ ਰੱਖਦਿਆਂ ਉਨ੍ਹਾਂ ਦੇ ਪਤੀ ਧਰਮਪਾਲ ਇੰਸਾਂ ਅਤੇ ਪੁੱਤਰਾਂ ਸੁਨੀਲ ਕੁਮਾਰ ਪਾਇਲ ਤੇ ਅਰਵਿੰਦ ਕੁਮਾਰ ਨੇ ਅੱਖਾਂ ਅਤੇ ਦੇਹ ਦਾਨ ਦੀ ਸਾਰੀ ਕਾਰਵਾਈ ਪੂਰੀ ਕਰਵਾਈ।
ਮਾਤਾ ਦੀਆਂ ਅੱਖਾਂ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਦੋ ਲੋੜਵੰਦਾਂ ਨੂੰ ਅੱਖਾਂ ਦੀ ਰੌਸ਼ਨੀ ਮਿਲਣ ਦੀ ਆਸ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਸੈਕਟਰ-46ਬੀ ਸਥਿਤ ਸ੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੂੰ ਸੌਂਪੀ ਗਈ ਹੈ। ਇੱਥੇ ਤੈਅ ਨੇਮਾਂ ਅਨੁਸਾਰ ਦੇਹ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਲਈ ਵਰਤੀ ਜਾਵੇਗੀ। ਇਸ ਤਰ੍ਹਾਂ ਮਾਤਾ ਦੀ ਦੇਹ ਆਉਣ ਵਾਲੀਆਂ ਪੀੜ੍ਹੀਆਂ ਦੇ ਡਾਕਟਰਾਂ ਦੀ ਸਿੱਖਿਆ ਵਿੱਚ ਵੀ ਹਿੱਸਾ ਪਾਵੇਗੀ।
ਮਾਤਾ ਦੇ ਪੁੱਤਰ ਸੁਨੀਲ ਕੁਮਾਰ ਪਾਇਲ ਚੰਡੀਗੜ੍ਹ ਸਥਿਤ ਸਟੇਟ ਆਫ਼ਿਸ ਵਿੱਚ ਉੱਚ ਅਹੁਦੇ ’ਤੇ ਤਾਇਨਾਤ ਹਨ, ਜਦਕਿ ਦੂਜੇ ਪੁੱਤਰ ਅਰਵਿੰਦ ਕੁਮਾਰ ਕਾਰੋਬਾਰੀ ਹਨ। ਉਨ੍ਹਾਂ ਦੀਆਂ ਦੋ ਧੀਆਂ ਪੁਸ਼ਪਾ ਇੰਸਾਂ ਅਤੇ ਸਵਿਤਾ ਇੰਸਾਂ ਹਨ।
ਪਰਿਵਾਰ ਨੇ ਦੱਸਿਆ ਕਿ ਮਾਤਾ ਧਨਪਤੀ ਦੇਵੀ ਇੰਸਾਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਨਾਮ ਦੀ ਦਾਤ ਲਈ ਸੀ ਅਤੇ ਡੇਰੇ ਦੀਆਂ ਸੇਵਾ ਗਤੀਵਿਧੀਆਂ ਵਿੱਚ ਲਗਾਤਾਰ ਹਿੱਸਾ ਲੈਂਦੇ ਰਹੇ। ਧੀ ਪੁਸ਼ਪਾ ਇੰਸਾਂ ਵੀ ਡੇਰਾ ਸੱਚਾ ਸੌਦਾ ਵਿਖੇ ਸੇਵਾ ਕਾਰਜਾਂ ਵਿੱਚ ਸਰਗਰਮ ਹਨ, ਜਦਕਿ ਦੂਜੀ ਧੀ ਸਵਿਤਾ ਇੰਸਾਂ ਸਮਾਜ ਵਿੱਚ ਰਹਿੰਦਿਆਂ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾ ਰਹੇ ਹਨ।

ਦੇਹ ਦਾਨ ਮੈਡੀਕਲ ਸਿੱਖਿਆ ਲਈ ਬਹੁਤ ਅਹਿਮ : ਡਾ. ਰੰਜਨ ਕੁਮਾਰ ਝਾਅ
ਸ੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਸੈਕਟਰ-46ਬੀ ਚੰਡੀਗੜ੍ਹ ਦੇ ਰਚਨਾ ਸ਼ਾਰੀਰ ਵਿਭਾਗ ਦੇ ਮੁਖੀ ਡਾ. ਰੰਜਨ ਕੁਮਾਰ ਝਾਅ ਨੇ ਕਿਹਾ ਕਿ ਮੈਡੀਕਲ ਸਿੱਖਿਆ ਲਈ ਦੇਹ ਦਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਅਮਲੀ ਤੌਰ ’ਤੇ ਸਮਝਣ ਅਤੇ ਖੋਜ ਕਰਨ ਲਈ ਦਾਨ ਕੀਤੀਆਂ ਦੇਹਾਂ ਦੀ ਲੋੜ ਪੈਂਦੀ ਹੈ, ਜਿਸ ਨਾਲ ਭਵਿੱਖ ਦੇ ਡਾਕਟਰਾਂ ਦੀ ਸਿੱਖਿਆ ਅਤੇ ਸਿਖਲਾਈ ਵਿੱਚ ਮਦਦ ਮਿਲਦੀ ਹੈ।
ਡਾ. ਝਾਅ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀਆਂ ਮਾਨਵਤਾ ਭਲਾਈ ਮੁਹਿੰਮਾਂ ਸਦਕਾ ਲੋਕਾਂ ਵਿੱਚ ਅੱਖਾਂ ਅਤੇ ਦੇਹ ਦਾਨ ਬਾਰੇ ਜਾਗਰੂਕਤਾ ਵਧੀ ਹੈ। ਉਨ੍ਹਾਂ ਮੁਤਾਬਕ ਕਾਲਜ ਨੂੰ ਡੇਰੇ ਦੇ ਸੇਵਾਦਾਰਾਂ ਵੱਲੋਂ ਸਮੇਂ-ਸਮੇਂ ’ਤੇ ਦੇਹ ਦਾਨ ਕੀਤੀ ਜਾਂਦੀ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਇਸ ਯੋਗਦਾਨ ਲਈ ਡੇਰਾ ਸੱਚਾ ਸੌਦਾ ਅਤੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦਾ ਧੰਨਵਾਦ ਕੀਤਾ।
ਮਾਤਾ ਧਨਪਤੀ ਦੇਵੀ ਇੰਸਾਂ ਦਾ ਇਹ ਫ਼ੈਸਲਾ ਦੱਸਦਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਲਿਆ ਪ੍ਰਣ ਮੌਤ ਤੋਂ ਬਾਅਦ ਵੀ ਜਿਉਂਦਾ ਰਹਿ ਸਕਦਾ ਹੈ। ਉਨ੍ਹਾਂ ਦੀਆਂ ਅੱਖਾਂ ਕਿਸੇ ਦੀ ਦੁਨੀਆ ਰੌਸ਼ਨ ਕਰਨਗੀਆਂ ਅਤੇ ਉਨ੍ਹਾਂ ਦੀ ਦੇਹ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਦਾ ਵਸੀਲਾ ਬਣੇਗੀ।